ਭੋਪਾਲ: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪਰਿਵਾਰ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਮਾਤਾ ਕਾਸ਼ੀਬਾਈ ਦਾ ਸਵੇਰੇ ਭੋਪਾਲ ਸਥਿਤ ਏਮਜ਼ ਹਸਪਤਾਲ ਵਿੱਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਉਹ ਕਰੀਬ 76 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਜਾਣਕਾਰੀ ਮੁਤਾਬਕ ਕਾਸ਼ੀਬਾਈ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਲਗਭਗ ਇੱਕ ਹਫ਼ਤਾ ਪਹਿਲਾਂ ਏਮਜ਼ ਭੋਪਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਪਰ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਅਤੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਏ।
ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਕਾਸ਼ੀਬਾਈ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ 3 ਵਜੇ ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ ਵਿੱਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਜੈਤ ਵਿਖੇ ਕੀਤਾ ਜਾਵੇਗਾ।
ਮਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਸਾਰੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਰਾਏਸੇਨ ਵਿੱਚ ਹੋਣ ਵਾਲੇ ਕਿਸਾਨ ਸੰਮੇਲਨ ਵਿੱਚ ਸ਼ਾਮਲ ਹੋਣਾ ਸੀ, ਪਰ ਹੁਣ ਉਹ ਇਸ ਸਮਾਗਮ ਵਿੱਚ ਹਿੱਸਾ ਨਹੀਂ ਲੈਣਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਅਗਲੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਹਨ।
ਦੱਸਿਆ ਜਾਂਦਾ ਹੈ ਕਿ ਜਦੋਂ ਸ਼ਿਵਰਾਜ ਸਿੰਘ ਚੌਹਾਨ ਛੋਟੇ ਸਨ, ਉਸ ਸਮੇਂ ਉਨ੍ਹਾਂ ਦੀ ਸਕੀ ਮਾਂ ਸੁੰਦਰਬਾਈ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਪ੍ਰੇਮ ਸਿੰਘ ਚੌਹਾਨ ਨੇ ਕਾਸ਼ੀਬਾਈ ਨਾਲ ਵਿਆਹ ਕੀਤਾ। ਕਾਸ਼ੀਬਾਈ ਨੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ। ਸ਼ਿਵਰਾਜ ਸਿੰਘ ਚੌਹਾਨ ਚਾਰ ਭੈਣ-ਭਰਾ ਹਨ।
ਕਾਸ਼ੀਬਾਈ ਭੋਪਾਲ ਦੇ ਸਾਕੇਤ ਨਗਰ ਇਲਾਕੇ ਵਿੱਚ ਰਹਿੰਦੇ ਸਨ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ। ਜ਼ਿਕਰਯੋਗ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਦੇ ਪਿਤਾ ਪ੍ਰੇਮ ਸਿੰਘ ਦਾ ਵੀ ਕੁਝ ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਹੈ।









