ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇਕ ਬਹੁਤ ਹੀ ਦੁਖਦ ਅਤੇ ਪਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੇ ਭਤੀਜੇ ਪ੍ਰਸ਼ਾਂਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਬੇਕਾਬੂ ਅਤੇ ਤੇਜ਼ ਰਫ਼ਤਾਰ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਅਚਾਨਕ ਵਾਪਰੀ ਘਟਨਾ ਨਾਲ ਰੱਖਿਆ ਮੰਤਰੀ ਦੇ ਪਰਿਵਾਰ ਸਮੇਤ ਪੂਰੇ ਸਿਆਸੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਮੁਤਾਬਕ ਪ੍ਰਸ਼ਾਂਤ ਸਿੰਘ ਆਪਣੇ ਦੋਸਤਾਂ ਨਾਲ ਦੇਵਾਸ ਤੋਂ ਇੰਦੌਰ ਜਾ ਰਹੇ ਸਨ। ਉਨ੍ਹਾਂ ਨੇ ਕਿਸੇ ਕੰਮ ਲਈ ਰਸਤੇ ਵਿੱਚ ਆਪਣੀ ਕਾਰ ਰੋਕ ਦਿੱਤੀ। ਜਿਵੇਂ ਹੀ ਉਹ ਕੰਮ ਖਤਮ ਕਰਕੇ ਵਾਪਸ ਪਰਤੇ ਤਾਂ ਸਾਹਮਣੇ ਤੋਂ ਇੱਕ ਬੇਕਾਬੂ ਬੱਸ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪ੍ਰਸ਼ਾਂਤ ਕਾਫੀ ਦੂਰ ਜਾ ਡਿੱਗੇ ਅਤੇ ਉਨ੍ਹਾਂ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਕੌਣ ਸਨ ਪ੍ਰਸ਼ਾਂਤ ਸਿੰਘ?
ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰਸ਼ਾਂਤ ਸਿੰਘ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ (ਰੇਵਤੀ ਖੇਤਰ ਦਾ ਪਿੰਡ ਗਾਘਾਟ) ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਿਤਾ ਪ੍ਰਦੀਪ ਸਿੰਘ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਭਰਾ ਹਨ। ਇਸ ਲਈ ਪ੍ਰਸ਼ਾਂਤ ਕੇਂਦਰੀ ਮੰਤਰੀ ਦੇ ਭਤੀਜੇ ਸਨ। ਵਿਸ਼ੇਸ਼ ਜਹਾਜ਼ ਰਾਹੀਂ ਮ੍ਰਿਤਕ ਦੇਹ ਜੱਦੀ ਪਿੰਡ ਭੇਜੀ ਗਈ। ਇਸ ਹਾਦਸੇ ਤੋਂ ਬਾਅਦ ਪ੍ਰਸ਼ਾਂਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਤੋਂ ਬਾਅਦ ਵਿਸ਼ੇਸ਼ ਜਹਾਜ਼ ਰਾਹੀਂ ਇੰਦੌਰ ਤੋਂ ਦਿੱਲੀ ਭੇਜ ਦਿੱਤਾ ਗਿਆ। ਉਥੋਂ ਅੰਤਿਮ ਸਸਕਾਰ ਲਈ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਬੱਲੀਆ ਲਿਜਾਇਆ ਜਾਵੇਗਾ।












