ਬਟਾਲਾ : ਬਟਾਲਾ ਦੇ ਕਾਦੀਆਂ ਰੋਡ ‘ਤੇ ਲਗਾਤਾਰ ਗੋਲੀਬਾਰੀ ਕਾਰਨ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਸਕਾਰਪੀਓ ਕਾਰ ਵਿੱਚ ਸਵਾਰ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭੀਖੋਵਾਲ ਥਾਣਾ ਘੁਮਾਣ ਕਲਾ ਅਤੇ ਉਸਦੀ ਰਿਸ਼ਤੇਦਾਰ ਹਰਜੀਤ ਕੌਰ ਵਾਸੀ ਭਗਵਾਨਪੁਰ, ਜੋ ਕਿ ਕਥਿਤ ਤੌਰ ‘ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹੈ, ‘ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ।
ਚਸ਼ਮਦੀਦਾਂ ਅਨੁਸਾਰ ਕਰਨਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕਾਰ ਵਿੱਚ ਸਵਾਰ ਔਰਤ ਹਰਜੀਤ ਕੌਰ ਗੰਭੀਰ ਜ਼ਖਮੀ ਹੋ ਗਈ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਉਸਦੀ ਵੀ ਅੰਮ੍ਰਿਤਸਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਬਟਾਲਾ ਪੁਲਿਸ ਮੌਕੇ ‘ਤੇ ਪਹੁੰਚੀ। ਡੀਐਸਪੀ ਸਿਟੀ ਪਰਮਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਇੱਕ ਨੌਜਵਾਨ ਮ੍ਰਿਤਕ ਪਾਇਆ ਗਿਆ ਅਤੇ ਇੱਕ ਔਰਤ ਗੰਭੀਰ ਜ਼ਖਮੀ ਸੀ, ਜਿਸਨੂੰ ਬਾਅਦ ਵਿੱਚ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸਦੀ ਵੀ ਮੌਤ ਹੋ ਗਈ। ਹਾਲਾਂਕਿ, ਡੀਐਸਪੀ ਨੇ ਪੁਸ਼ਟੀ ਨਹੀਂ ਕੀਤੀ ਕਿ ਜ਼ਖਮੀ ਔਰਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਸੀ ਜਾਂ ਨਹੀਂ।
ਦੂਜੇ ਪਾਸੇ, ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਨੂੰ ਲਿਆਂਦਾ ਗਿਆ ਸੀ ਅਤੇ ਇੱਕ ਔਰਤ ਵੀ ਉਸਦੇ ਨਾਲ ਸੀ, ਜੋ ਗੰਭੀਰ ਜ਼ਖਮੀ ਸੀ। ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਡੀਐਸਪੀ ਨੇ ਅੱਗੇ ਕਿਹਾ ਕਿ ਮ੍ਰਿਤਕ ਨੌਜਵਾਨ ਦਾ ਪਿਤਾ ਪੁਲਿਸ ਵਿਭਾਗ ਵਿੱਚ ਏਐਸਆਈ ਵਜੋਂ ਕੰਮ ਕਰ ਰਿਹਾ ਹੈ ਅਤੇ ਔਰਤ ਮ੍ਰਿਤਕ ਨੌਜਵਾਨ ਦੀ ਰਿਸ਼ਤੇਦਾਰ ਸੀ। ਮ੍ਰਿਤਕ ਦੇ ਪਿਤਾ ਦੇ ਬਿਆਨ ‘ਤੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।












