ਕੀਵ: ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਯੁੱਧ ਨੇ ਇੱਕ ਨਵਾਂ ਅਤੇ ਖਤਰਨਾਕ ਮੋੜ ਲੈ ਲਿਆ ਹੈ। ਯੂਕਰੇਨ ਨੇ ਵੀਰਵਾਰ ਨੂੰ ਰੂਸ ‘ਤੇ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ। ਰੂਸੀ ਰੱਖਿਆ ਮੰਤਰਾਲੇ ਅਨੁਸਾਰ, ਰਾਤੋ-ਰਾਤ ਲਗਭਗ 1,000 ਡਰੋਨ ਅਤੇ ਚਾਰ ਕਰੂਜ਼ ਮਿਜ਼ਾਈਲਾਂ ਰੂਸੀ ਖੇਤਰਾਂ ਵੱਲ ਦਾਗੀਆਂ ਗਈਆਂ, ਜਿਨ੍ਹਾਂ ਵਿੱਚੋਂ ਕਰੀਬ 200 ਡਰੋਨ ਰਾਜਧਾਨੀ ਮਾਸਕੋ ਨੂੰ ਨਿਸ਼ਾਨਾ ਬਣਾਉਣ ਲਈ ਭੇਜੇ ਗਏ ਸਨ।
ਰੂਸੀ ਹਵਾਈ ਰੱਖਿਆ ਪ੍ਰਣਾਲੀ ਨੇ ਵੱਡੀ ਗਿਣਤੀ ਵਿੱਚ ਡਰੋਨਾਂ ਨੂੰ ਰਾਹ ਵਿੱਚ ਹੀ ਤਬਾਹ ਕਰਨ ਦਾ ਦਾਅਵਾ ਕੀਤਾ ਹੈ, ਪਰ ਕਈ ਡਰੋਨ ਆਪਣੇ ਨਿਸ਼ਾਨਿਆਂ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ। ਇਸ ਹਮਲੇ ਕਾਰਨ ਮਾਸਕੋ ਅਤੇ ਹੋਰ ਕਈ ਰੂਸੀ ਖੇਤਰਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਹਮਲੇ ਤੋਂ ਬਾਅਦ ਸਖ਼ਤ ਬਿਆਨ ਦਿੰਦਿਆਂ ਕਿਹਾ ਕਿ ਯੂਕਰੇਨ ਨੇ ਇਹ ਜੰਗ ਸ਼ੁਰੂ ਨਹੀਂ ਕੀਤੀ ਸੀ, ਪਰ ਜੇ ਰੂਸ ਯੂਕਰੇਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਨੂੰ ਵੀ ਇਸ ਦੀ ਕੀਮਤ ਚੁਕਾਉਣੀ ਪਵੇਗੀ। ਜ਼ੇਲੇਨਸਕੀ ਨੇ ਕਿਹਾ, “ਜੇ ਯੂਕਰੇਨ ਸੜਦਾ ਹੈ, ਤਾਂ ਮਾਸਕੋ ਵੀ ਸੜੇਗਾ।”
ਮੀਡੀਆ ਰਿਪੋਰਟਾਂ ਮੁਤਾਬਕ ਦੱਖਣੀ ਰੂਸ ਦੇ ਰੋਸਟੋਵ ਖੇਤਰ ਵਿੱਚ ਸਥਿਤ ਇੱਕ ਤੇਲ ਡਿਪੂ ਹਮਲੇ ਤੋਂ ਬਾਅਦ ਭਿਆਨਕ ਧਮਾਕੇ ਨਾਲ ਤਬਾਹ ਹੋ ਗਿਆ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮਾਸਕੋ ਦੀ ਕਪੋਟਨੀਆ ਤੇਲ ਰਿਫਾਇਨਰੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿੱਥੇ ਧਮਾਕਿਆਂ ਤੋਂ ਬਾਅਦ ਕਾਲੇ ਧੂੰਏਂ ਦੇ ਵੱਡੇ ਗੁਬਾਰ ਅਸਮਾਨ ਵਿੱਚ ਦਿਖਾਈ ਦਿੱਤੇ।
ਹਮਲੇ ਕਾਰਨ ਕਈ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਡਰੋਨਾਂ ਦੇ ਮਲਬੇ ਡਿੱਗਣ ਨਾਲ ਕੁਝ ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਸੁਰੱਖਿਆ ਦੇ ਮੱਦੇਨਜ਼ਰ ਕਈ ਉੱਚੀਆਂ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਮਾਸਕੋ ਦੇ ਕਈ ਹਵਾਈ ਅੱਡਿਆਂ ‘ਤੇ ਉਡਾਣਾਂ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ।
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਹਮਲਾ ਯੂਕਰੇਨ ਦੀ ਵਧਦੀ ਡਰੋਨ ਸਮਰੱਥਾ ਅਤੇ ਰੂਸ ਦੇ ਅੰਦਰੂਨੀ ਖੇਤਰਾਂ ਤੱਕ ਪਹੁੰਚ ਬਣਾਉਣ ਦੀ ਯੋਗਤਾ ਨੂੰ ਦਰਸਾਉਂਦਾ ਹੈ। ਇਸ ਘਟਨਾ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।












