Home ਪੰਜਾਬ ਮਹਿੰਦਰਾ ਐਕਸ.ਯੂ.ਵੀ. 500 ਦੇ ਭਿਆਨਕ ਹਾਦਸੇ ‘ਚ ਦੋ ਨੌਜਵਾਨਾਂ ਦੀ ਹੋਈ ਮੌਤ...

ਮਹਿੰਦਰਾ ਐਕਸ.ਯੂ.ਵੀ. 500 ਦੇ ਭਿਆਨਕ ਹਾਦਸੇ ‘ਚ ਦੋ ਨੌਜਵਾਨਾਂ ਦੀ ਹੋਈ ਮੌਤ , ਇੱਕ ਔਰਤ ਗੰਭੀਰ ਜ਼ਖਮੀ

0

ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ ‘ਤੇ ਪਿੰਡ ਸਾਵਲ ਨੇੜੇ ਇਕ ਨਿੱਜੀ ਸਕੂਲ ਦੇ ਬਾਹਰ ਬੀਤੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਨੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਮਹਿੰਦਰਾ ਐਕਸ.ਯੂ.ਵੀ. 500 (ਨੰ. ਪੀ. ਬੀ. 10 ਡੀ. ਟੀ. 2835) ਦੇ ਭਿਆਨਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਔਰਤ ਜ਼ਿੰਦਗੀ ਅਤੇ ਮੌਤ ਵਿਚਕਾਰ ਲੜ ਰਹੀ ਹੈ।

ਜਾਣਕਾਰੀ ਅਨੁਸਾਰ ਕਾਰ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਵੱਲ ਜਾ ਰਹੀ ਸੀ। ਪਿੰਡ ਸਾਵਲ ਕੋਲ ਪਹੁੰਚਦਿਆਂ ਹੀ ਕਾਰ ਸੰਤੁਲਨ ਗੁਆ ​​ਬੈਠੀ ਅਤੇ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਇਸ ਤੋਂ ਬਾਅਦ ਕਾਰ ਨਿੱਜੀ ਸਕੂਲ ਦੀ ਲੋਹੇ ਦੀ ਗਰਿੱਲ ਨਾਲ ਜ਼ੋਰਦਾਰ ਟਕਰਾ ਗਈ ਅਤੇ ਫਿਰ ਦੂਜੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪਲਟ ਗਈ ਅਤੇ ਟਾਇਰ, ਸ਼ੀਸ਼ਾ ਅਤੇ ਹੋਰ ਪੁਰਜ਼ੇ ਦੂਰ-ਦੂਰ ਤੱਕ ਖਿੱਲਰ ਗਏ।

ਹਾਦਸੇ ਵਿੱਚ ਰਾਹੁਲ ਗਿੱਲ ਪੁੱਤਰ ਸਤਪਾਲ ਵਾਸੀ ਪਿੰਡ ਬਿਧੀਪੁਰ ਸੁਲਤਾਨਪੁਰ ਲੋਧੀ ਦੀ ਮੌਤ ਹੋ ਗਈ। ਸਥਾਨਕ ਪੁਲਿਸ ਵੱਲੋਂ ਉਸਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਇਸ ਤੋਂ ਪਹਿਲਾਂ ਰਾਤ ਕਰੀਬ 12 ਵਜੇ ਹਾਦਸੇ ਵਿੱਚ ਜ਼ਖ਼ਮੀ ਹੋਏ ਸੋਨੂੰ ਰਾਮ ਵਾਸੀ ਪਿੰਡ ਤਲਵੰਡੀ ਬੂਟੀਆਂ, ਜ਼ਿਲ੍ਹਾ ਜਲੰਧਰ (ਉਮਰ 17 ਸਾਲ) ਅਤੇ ਅੰਜਨਾ ਰਾਣੀ ਪਤਨੀ ਰਾਹੁਲ ਗਿੱਲ ਵਾਸੀ ਪਿੰਡ ਸ਼ੰਕਰ ਜ਼ਿਲ੍ਹਾ ਜਲੰਧਰ (ਉਮਰ 23 ਸਾਲ) ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਗਿਆ।

ਡਾਕਟਰਾਂ ਨੇ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਇਲਾਜ ਦੌਰਾਨ ਸੋਨੂੰ ਰਾਮ ਦੀ ਮੌਤ ਹੋ ਗਈ। ਅੰਜਨਾ ਰਾਣੀ ਦੀ ਹਾਲਤ ਕਾਫੀ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉੱਚ ਹਸਪਤਾਲ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version