ਮਣੀਪੁਰ : ਮਣੀਪੁਰ ਦੇ ਵੱਖ-ਵੱਖ ਹਿੱਸਿਆਂ ਤੋਂ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਅੱਜ , ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਇੰਫਾਲ ਪੂਰਬੀ ਜ਼ਿਲ੍ਹੇ ਦੇ ਕੋਂਗਪਾਲ ਚਿੰਗੰਗਬਮ ਲੀਕਾਈ ਤੋਂ ਪਾਬੰਦੀਸ਼ੁਦਾ ਸੋਰੇਪਾ ਸੰਗਠਨ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਤਵਾਦੀ ‘ਤੇ ਛੋਟੇ ਦੁਕਾਨਦਾਰਾਂ ਤੋਂ ਪੈਸੇ ਵਸੂਲਣ ਦਾ ਦੋਸ਼ ਹੈ।
ਪੁਲਿਸ ਨੇ ਕਿਹਾ ਕਿ ਇੰਫਾਲ ਪੱਛਮੀ ਜ਼ਿਲ੍ਹੇ ਦੇ ਪ੍ਰਜਾਤੰਤਰ ਗਲੀ ਤੋਂ ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ ਆਫ ਕਾਂਗਲੇਈਪਾਕ (ਪ੍ਰੇਪਾਕ) ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਿਸ ਦੇ ਮੁਤਾਬਿਕ ਇੱਕ ਵੱਖਰੇ ਆਪ੍ਰੇਸ਼ਨ ਵਿੱਚ, ਤੇਂਗਨੋਪਾਲ ਜ਼ਿਲ੍ਹੇ ਦੇ ਸਰਹੱਦੀ ਸ਼ਹਿਰ ਮੋਰੇਹ ਦੇ ਇੱਕ ਹੋਟਲ ਤੋਂ ਤਿੰਨ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਨੇ ਕਿਹਾ ਕਿ ਤਸਕਰਾਂ ਦੀ ਪਛਾਣ ਲੇਟਮਿਨਲੁਨ ਖੋਂਗਸਾਈ (35), ਜਮਗੌਲੇਨ ਹਾਓਕਿਪ (28) ਅਤੇ ਡੀਖੋਲਮ ਚੋਂਗਲੋਈ (57) ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕੁੱਲ 2.3 ਕਿਲੋਗ੍ਰਾਮ ਯਾਬਾ ਗੋਲੀਆਂ, 200,000 ਰੁਪਏ ਨਕਦ, ਦੋ ਸੋਨੇ ਦੀਆਂ ਚੇਨਾਂ ਅਤੇ ਇੱਕ ਚਾਰ ਪਹੀਆ ਵਾਹਨ ਜ਼ਬਤ ਕੀਤਾ ਹੈ। ਪੁਲਿਸ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਸਮੇਤ ਵੱਖ-ਵੱਖ ਏਜੰਸੀਆਂ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀਆਂ ਗਈਆਂ ਹਨ।












