ਬਾਰਾਮੂਲਾ : ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਉੜੀ ਸੈਕਟਰ ਦੇ ਕਮਾਲਕੋਟ ਇਲਾਕੇ ‘ਚ ਕੰਟਰੋਲ ਰੇਖਾ ਨੇੜੇ ਬੀਤੀ ਸ਼ਾਮ ਅਚਾਨਕ ਹੋਏ ਧਮਾਕੇ ‘ਚ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ।
ਅਧਿਕਾਰਤ ਸੂਤਰਾਂ ਮੁਤਾਬਕ ਧਮਾਕੇ ‘ਚ ਦੋਵੇਂ ਫੌਜੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਤੁਰੰਤ ਸ਼੍ਰੀਨਗਰ ਦੇ ਫੌਜ ਦੇ 92 ਬੇਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਹਾਲਾਂਕਿ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੋਵਾਂ ਜਵਾਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਮ੍ਰਿਤਕ ਜਵਾਨਾਂ ਦੀ ਪਛਾਣ ਚਵਾਨ ਵਿਕਰਮ ਬਾਲਕ੍ਰਿਸ਼ਨ ਵਾਸੀ ਐਰੋਲੀ, ਮਹਾਰਾਸ਼ਟਰ ਅਤੇ ਅਰਜੁਨ ਜਾਧਵ ਰਾਜੇਂਦਰ ਵਾਸੀ ਸ਼ਾਹਪੁਰ, ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਕਰਾੜ ਤਹਿਸੀਲ ਵਜੋਂ ਹੋਈ ਹੈ।
ਸੂਤਰਾਂ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਨੇੜੇ ਅਗਾਂਹ ਵਾਲੇ ਖੇਤਰ ‘ਚ ਅਚਾਨਕ ਧਮਾਕਾ ਹੋਇਆ। ਘਟਨਾ ਦਾ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਨੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦਰਦਨਾਕ ਘਟਨਾ ਨਾਲ ਫੌਜ ਅਤੇ ਸਥਾਨਕ ਲੋਕਾਂ ਵਿਚ ਸੋਗ ਦੀ ਲਹਿਰ ਹੈ।












