ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ਤੋਂ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚਾਊਮੀਨ ਖਾਣ ਤੋਂ ਬਾਅਦ ਦੋ ਸਕੇ ਭਰਾਵਾਂ ਦੀ ਸਿਹਤ ਅਚਾਨਕ ਵਿਗੜ ਗਈ। ਦੋਵਾਂ ਨੂੰ ਉਲਟੀਆਂ ਆਉਣ ਲੱਗੀਆਂ। ਪਰਿਵਾਰ ਵੱਲੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ 8 ਸਾਲਾ ਛੋਟੇ ਭਰਾ ਰਾਘਵ ਦੀ ਮੌਤ ਹੋ ਗਈ। ਉੱਥੇ ਹੀ 10 ਸਾਲਾ ਵੱਡਾ ਭਰਾ ਕੁਨਾਲ ਆਈ.ਸੀ.ਯੂ ਵਿੱਚ ਦਾਖ਼ਲ ਹੈ। ਮੁੱਢਲੀ ਜਾਂਚ ਦੌਰਾਨ ਫੂਡ ਪੋਇਜ਼ਨਿੰਗ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਫਰੀਦਾਬਾਦ ਦੀ ਨਹਿਰੂ ਕਾਲੋਨੀ ਵਿੱਚ ਵਾਪਰੀ। ਪੁਲਿਸ ਅਨੁਸਾਰ, ਬੱਚਿਆਂ ਦੇ ਪਿਤਾ ਸ਼ਮਸ਼ੇਰ ਸੈਕਟਰ-58 ਵਿੱਚ ਮੋਟਰ ਮਕੈਨਿਕ ਦਾ ਕੰਮ ਕਰਦੇ ਹਨ। ਘਟਨਾ ਵਾਲੇ ਦਿਨ ਸ਼ਾਮ ਕਰੀਬ 7 ਵਜੇ ਛੋਟਾ ਬੇਟਾ ਰਾਘਵ ਟਿਊਸ਼ਨ ਤੋਂ ਘਰ ਪਰਤਿਆ ਅਤੇ ਮਾਂ ਨੂੰ ਭੁੱਖ ਲੱਗਣ ਬਾਰੇ ਦੱਸਿਆ। ਇਸੇ ਦੌਰਾਨ ਉਸ ਦਾ ਵੱਡਾ ਭਰਾ ਕੁਨਾਲ ਵੀ ਘਰ ਪਹੁੰਚ ਗਿਆ।
ਕੁਝ ਸਮੇਂ ਬਾਅਦ ਦੋਵੇਂ ਭਰਾ ਪੈਸੇ ਲੈ ਕੇ ਘਰੋਂ ਬਾਹਰ ਗਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਬਾਜ਼ਾਰ ਵਿੱਚ ਚਾਊਮੀਨ ਖਾਧੀ ਅਤੇ ਫਿਰ ਘਰ ਵਾਪਸ ਆ ਗਏ।
ਘਰ ਪਰਤਣ ਤੋਂ ਬਾਅਦ ਰਾਘਵ ਨੂੰ ਚੱਕਰ ਆਉਣ ਲੱਗੇ ਅਤੇ ਉਲਟੀਆਂ ਆਉਣ ਵਰਗਾ ਮਹਿਸੂਸ ਹੋਇਆ। ਕੁਝ ਦੇਰ ਬਾਅਦ ਕੁਨਾਲ ਦੀ ਤਬੀਅਤ ਵੀ ਵਿਗੜ ਗਈ ਅਤੇ ਉਸ ਨੂੰ ਵੀ ਉਲਟੀਆਂ ਹੋਣ ਲੱਗੀਆਂ। ਦੋਵਾਂ ਦੀ ਹਾਲਤ ਦੇਖ ਕੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਐੱਨਆਈਟੀ-3 ਸਥਿਤ ਇੱਕ ਨਿੱਜੀ ਹਸਪਤਾਲ ਲੈ ਗਏ।
ਬਾਅਦ ਵਿੱਚ ਦੋਵਾਂ ਨੂੰ ਦੂਜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇੱਥੇ ਇਲਾਜ ਦੌਰਾਨ 8 ਸਾਲਾ ਰਾਘਵ ਦੀ ਮੌਤ ਹੋ ਗਈ, ਜਦਕਿ 10 ਸਾਲਾ ਕੁਨਾਲ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਨਾਲ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।
ਪੁਲਿਸ ਨੇ ਮ੍ਰਿਤਕ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ। ਥਾਣਾ ਇੰਚਾਰਜ ਸੁਮੇਰ ਸਿੰਘ ਨੇ ਦੱਸਿਆ ਕਿ ਬੱਚੇ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਫਿਲਹਾਲ ਫੂਡ ਪੋਇਜ਼ਨਿੰਗ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਪਰ ਮੌਤ ਦਾ ਕਾਰਨ ਅਜੇ ਅਧਿਕਾਰਤ ਤੌਰ ‘ਤੇ ਸਪੱਸ਼ਟ ਨਹੀਂ ਹੋਇਆ।










