ਜੈਪੁਰ: ਸੁਰੱਖਿਆ ਏਜੰਸੀਆਂ ਨੇ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨੇੜੇ ਹਥਿਆਰ ਅਤੇ ਸ਼ੱਕੀ ਵਿਸਫੋਟਕ ਜਬਤ ਕਰ ਪੰਜਾਬ ਦੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਅਧਿਕਾਰੀਆਂ ਮੁਤਾਬਕ ਇਹ ਵਿਸਫੋਟਕ ਸਮੱਗਰੀ ਪਾਕਿਸਤਾਨੀ ਡਰੋਨ ਤੋਂ ਸੁੱਟੀ ਗਈ ਸੀ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸਰਹੱਦੀ ਰਾਵਲਾ ਮੰਡੀ ਖੇਤਰ ਦੀ ਗ੍ਰਾਮ ਪੰਚਾਇਤ 12 ਕੇ.ਐੱਨ.ਡੀ. ਵਿੱਚ ਸੀਮਾ ਸੁਰੱਖਿਆ ਬਲ (ਭਸ਼ਢ), ਐਂਟੀ-ਨਾਰਕੋਟਿਕਸ ਟਾਸਕ ਫੋਰਸ ਅਤੇ ਸਥਾਨਕ ਪੁਲਿਸ ਦੇ ਸਾਂਝੇ ਆਪਰੇਸ਼ਨ ‘ਸੀਮੰਤਕ’ ਦੌਰਾਨ ਇਹ ਜ਼ਬਤ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਾਮਦ ਕੀਤੇ ਗਏ ਸਾਮਾਨ ਵਿੱਚ ਸ਼ੱਕੀ ਆਰ.ਡੀ.ਐਕਸ., ਦੋ ਪਿਸਤੌਲ, ਚਾਰ ਮੈਗਜ਼ੀਨ, ਕਰੀਬ 650 ਕਾਰਤੂਸ, ਚਾਰ ਜੋੜੇ ਬੈਟਰੀਆਂ ਅਤੇ ਦੋ ਰਿਮੋਟ ਕੰਟਰੋਲ ਸ਼ਾਮਲ ਹਨ। ਏ.ਐਨ.ਟੀ.ਐਫ. ਦੇ ਇੰਸਪੈਕਟਰ ਜਨਰਲ ਵਿਕਾਸ ਕੁਮਾਰ ਨੇ ਦੱਸਿਆ ਕਿ ਰਾਜਸਥਾਨ ਵਿੱਚ ਡਰੋਨ ਦੀ ਵਰਤੋਂ ਕਰਕੇ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਅਤੇ ਵਿਸਫੋਟਕ ਸੁੱਟੇ ਗਏ ਹਨ। ਕੁਮਾਰ ਨੇ ਕਿਹਾ, ‘ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਸਮੱਗਰੀ ਕਿਸ ਨੇ ਭੇਜੀ ਸੀ ਅਤੇ ਉਨ੍ਹਾਂ ਦਾ ਮਕਸਦ ਕੀ ਸੀ।’
ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਸਾਂਝੇ ਤੌਰ ‘ਤੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਅਧਿਕਾਰੀਆਂ ਮੁਤਾਬਕ ਏ.ਐਨ.ਟੀ.ਐਫ. ਨੂੰ ਬੀਤੀ ਰਾਤ ਕਰੀਬ 10 ਵਜੇ ਸੂਚਨਾ ਮਿਲੀ ਕਿ ਪਾਕਿਸਤਾਨੀ ਡਰੋਨ ਨੇ ਸਰਹੱਦੀ ਖੇਤਰ ਵਿੱਚ ਇੱਕ ਨਹਿਰ ਦੇ ਕੋਲ ਇੱਕ ਖੇਤ ਵਿੱਚ ਤਿੰਨ ਸ਼ੱਕੀ ਪੈਕਟ ਸੁੱਟੇ ਹਨ। ਸ਼ੁਰੂਆਤ ‘ਚ ਸ਼ੱਕ ਸੀ ਕਿ ਪੈਕਟ ‘ਚ ਨਸ਼ੀਲੇ ਪਦਾਰਥ ਸਨ। ਹਾਲਾਂਕਿ, ਸਾਂਝੀ ਤਲਾਸ਼ੀ ਵਿੱਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਮੌਕੇ ‘ਤੇ ਦੋ ਸ਼ੱਕੀ ਵਿਅਕਤੀ ਫੜੇ ਗਏ ਜੋ ਪੰਜਾਬ ਦੇ ਜਲੰਧਰ ਅਤੇ ਫ਼ਿਰੋਜ਼ਪੁਰ ਖੇਤਰਾਂ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤੇ ਜਾਣ ਤੋਂ ਬਾਅਦ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਤੀਬਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।










