ਉੱਤਰ ਪ੍ਰਦੇਸ਼: ‘ਰਾਗਿਨੀ ਐਮ.ਐਮ.ਐਸ. ਰਿਟਰਨਜ਼’ ਅਤੇ ‘ਪਿਆਰ ਕਾ ਪੰਚਨਾਮਾ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਟੀ.ਵੀ ਅਦਾਕਾਰਾ ਕਰਿਸ਼ਮਾ ਸ਼ਰਮਾ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਇਸ ਘਟਨਾ ਦੀ ਜਾਣਕਾਰੀ ਦਿੱਤੀ। ਕਰਿਸ਼ਮਾ ਨੇ ਦੱਸਿਆ ਕਿ ਮੁੰਬਈ ਲੋਕਲ ਟ੍ਰੇਨ ਰਾਹੀਂ ਚਰਚਗੇਟ ਜਾਂਦੇ ਸਮੇਂ ਉਨ੍ਹਾਂ ਨੇ ਚੱਲਦੀ ਟ੍ਰੇਨ ਤੋਂ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਹਾਲਾਂਕਿ, ਕਰਿਸ਼ਮਾ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਘਰ ਵਿੱਚ ਠੀਕ ਹੋ ਰਹੇ ਹਨ। ਅਦਾਕਾਰਾ ਨੇ ਖੁਦ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ।
ਟ੍ਰੇਨ ਤੋਂ ਛਾਲ ਮਾਰਨ ਦੀ ਘਟਨਾ ਕਾਰਨ ਸਦਮੇ ਵਿੱਚ ਹਨ ਅਦਾਕਾਰਾ
ਦਰਅਸਲ, ਇੱਕ ਨਾਮਵਰ ਮੀਡੀਆ ਸੰਗਠਨ ਨਾਲ ਗੱਲ ਕਰਦੇ ਹੋਏ ਕਰਿਸ਼ਮਾ ਸ਼ਰਮਾ ਨੇ ਕਿਹਾ, “ਮੈਨੂੰ ਬਹੁਤ ਸੱਟਾਂ ਲੱਗੀਆਂ ਹਨ ਅਤੇ ਮੇਰੀ ਯਾਦਦਾਸ਼ਤ ਵੀ ਬਹੁਤ ਕਮਜ਼ੋਰ ਹੋ ਗਈ ਹੈ। ਮੈਂ ਬਹੁਤ ਸਰੀਰਕ ਦਰਦ ਵਿੱਚ ਹਾਂ, ਪਰ ਇਸ ਸਮੇਂ ਮੈਂ ਘਰ ਵਿੱਚ ਹਾਂ। ਮੇਰੀ ਮਾਂ ਮੈਨੂੰ ਠੀਕ ਹੋਣ ਵਿੱਚ ਮਦਦ ਕਰਨ ਲਈ ਮੁੰਬਈ ਆਏ ਹਨ।” ਉਨਾਂ ਨੇ ਅੱਗੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਮੈਂ ਜਲਦੀ ਹੀ ਕਿਸੇ ਰੇਲਵੇ ਸਟੇਸ਼ਨ ਦੇ ਨੇੜੇ ਜਾ ਸਕਾਂਗੀ ਜਾਂ ਉੱਥੋਂ ਯਾਤਰਾ ਕਰ ਸਕਾਂਗੀ। ਇਸ ਪੂਰੀ ਘਟਨਾ ਨੇ ਮੈਨੂੰ ਬਹੁਤ ਹੈਰਾਨ ਕਰ ਦਿੱਤਾ ਹੈ ਅਤੇ ਇਸ ਸਮੇਂ ਮੈਂ ਡਰੀ ਹੋਈ ਹਾਂ।”
‘ਸਿਰ ਭਾਰੀ ਲੱਗ ਰਿਹਾ , ਹਾਲੇ ਵੀ ਦਰਦ ਹੈ’
ਆਪਣੀ ਸਿਹਤ ਬਾਰੇ ਅਪਡੇਟ ਦਿੰਦੇ ਹੋਏ, ਅਦਾਕਾਰਾ ਨੇ ਕਿਹਾ, “ਮੇਰਾ ਸਿਰ ਭਾਰੀ ਮਹਿਸੂਸ ਹੋ ਰਿਹਾ ਹੈ। ਹਾਲੇ ਵੀ ਬਹੁਤ ਦਰਦ ਹੈ। ਡਾਕਟਰਾਂ ਨੇ ਮੈਨੂੰ ਛੁੱਟੀ ਦੇ ਦਿੱਤੀ ਹੈ ਕਿਉਂਕਿ ਮੇਰੇ ਐਮ.ਆਰ.ਆਈ. ਵਿੱਚ ਕੋਈ ਅੰਦਰੂਨੀ ਸੱਟ ਨਹੀਂ ਦਿਖਾਈ ਦਿੱਤੀ ਹੈ, ਪਰ ਉਨ੍ਹਾਂ ਨੇ ਮੈਨੂੰ ਸੁਚੇਤ ਅਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਜੇਕਰ ਇੱਕ ਜਾਂ ਦੋ ਦਿਨਾਂ ਬਾਅਦ ਦਰਦ ਹੁੰਦਾ ਹੈ, ਤਾਂ ਮੈਨੂੰ ਤੁਰੰਤ ਹਸਪਤਾਲ ਜਾਣਾ ਪਵੇਗਾ ਕਿਉਂਕਿ ਅੰਦਰੂਨੀ ਸੱਟਾਂ ਦਾ ਪਤਾ ਲੱਗਣ ਵਿੱਚ ਕੁਝ ਸਮਾਂ ਲੱਗਦਾ ਹੈ।”
ਉਹ ਸਾੜੀ ਪਾ ਕੇ ਕਰ ਰਹੇ ਸਨ ਯਾਤਰਾ
ਇਸ ਸਭ ਦੇ ਵਿਚਕਾਰ, ਅਦਾਕਾਰਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਰੇਲਗੱਡੀ ਤੋਂ ਛਾਲ ਕਿਉਂ ਮਾਰੀ ਸੀ। ਕਰਿਸ਼ਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਲਿ ਖਿਆ, “ਬੀਤੇ ਦਿਨ, ਮੈਂ ਸ਼ੂਟ ਲਈ ਚਰਚਗੇਟ ਜਾ ਰਹੀ ਸੀ ਅਤੇ ਮੈਂ ਸਾੜੀ ਪਹਿਨ ਕੇ ਲੋਕਲ ਰੇਲਗੱਡੀ ‘ਤੇ ਜਾਣ ਦਾ ਫ਼ੈੈਸਲਾ ਕੀਤਾ। ਜਿਵੇਂ ਹੀ ਮੈਂ ਰੇਲਗੱਡੀ ‘ਤੇ ਚੜ੍ਹੀ, ਇਸਦੀ ਰਫ਼ਤਾਰ ਵਧਣ ਲੱਗੀ। ਮੈਂ ਦੇਖਿਆ ਕਿ ਮੇਰੇ ਦੋਸਤ ਰੇਲਗੱਡੀ ਨਹੀਂ ਫੜ ਸਕੇ। ਡਰ ਦੇ ਮਾਰੇ, ਮੈਂ ਚੱਲਦੀ ਰੇਲਗੱਡੀ ਤੋਂ ਛਾਲ ਮਾਰ ਦਿੱਤੀ ਅਤੇ ਮੇਰੀ ਪਿੱਠ ‘ਤੇ ਡਿੱਗ ਪਈ। ਇਸ ਨਾਲ ਸਿਰ ਵਿੱਚ ਬਹੁਤ ਸੱਟ ਲੱਗੀ।”











