Home ਸੰਸਾਰ ਅਮਰੀਕਾ ਦੀ ਯੂਟਾ ਵੈਲੀ ਯੂਨੀਵਰਸਿਟੀ ’ਚ ਟਰੰਪ ਦੇ ਕਰੀਬੀ ਸਹਿਯੋਗੀ ਚਾਰਲੀ ਕਿਰਕ...

ਅਮਰੀਕਾ ਦੀ ਯੂਟਾ ਵੈਲੀ ਯੂਨੀਵਰਸਿਟੀ ’ਚ ਟਰੰਪ ਦੇ ਕਰੀਬੀ ਸਹਿਯੋਗੀ ਚਾਰਲੀ ਕਿਰਕ ਦਾ ਗੋਲੀ ਮਾਰ ਕੇ ਕੀਤਾ ਕਤਲ

0

ਓਰੇਮ : ਅਮਰੀਕਾ ਦੀ ਰਾਜਨੀਤੀ ਵਿੱਚ ਬੀਤੇ ਦਿਨ ਉਸ ਸਮੇਂ ਭੂਚਾਲ ਆ ਗਿਆ, ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ ਅਤੇ ਪ੍ਰਭਾਵਸ਼ਾਲੀ ਨੌਜਵਾਨ ਕੰਜ਼ਰਵੇਟਿਵ ਨੇਤਾ ਚਾਰਲੀ ਕਿਰਕ (Charlie Kirk) ਦੀ ਇੱਕ ਯੂਨੀਵਰਸਿਟੀ ਵਿੱਚ ਭਾਸ਼ਣ ਦਿੰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਓਰੇਮ ਸਥਿਤ ਯੂਟਾ ਵੈਲੀ ਯੂਨੀਵਰਸਿਟੀ (Utah Valley University) ਵਿੱਚ ਉਸ ਸਮੇਂ ਹੋਈ, ਜਦੋਂ 31 ਸਾਲਾ ਕਿਰਕ ਇੱਕ ਵਿਦਿਆਰਥੀ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਹਮਲੇ ਨੇ ਪੂਰੇ ਅਮਰੀਕਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਸਨੂੰ ਇੱਕ ਰਾਜਨੀਤਿਕ ਹੱਤਿਆ (Political Assassination) ਕਰਾਰ ਦਿੱਤਾ ਜਾ ਰਿਹਾ ਹੈ।

ਭਾਸ਼ਣ ਦੌਰਾਨ ਦੂਰੋਂ ਚਲੀ ਗੋਲੀ

ਇਹ ਹਮਲਾ ਉਸ ਸਮੇਂ ਹੋਇਆ ਜਦੋਂ ‘ਟਰਨਿੰਗ ਪੁਆਇੰਟ ਯੂ.ਐਸ.ਏ.’ ਦੇ ਸੰਸਥਾਪਕ ਚਾਰਲੀ ਕਿਰਕ ਵਿਦਿਆਰਥੀਆਂ ਨਾਲ ਇੱਕ ਸਵਾਲ-ਜਵਾਬ ਸੈਸ਼ਨ ਵਿੱਚ ਹਿੱਸਾ ਲੈ ਰਹੇ ਸਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ, ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਰਕ ਸਟੇਜ ‘ਤੇ ਮਾਈਕ ਹੱਥ ਵਿੱਚ ਲੈ ਕੇ ਬੋਲ ਰਿਹਾ ਸੀ, ਜਦੋਂ ਅਚਾਨਕ ਦੂਰੋਂ ਗੋਲੀ ਦੀ ਆਵਾਜ਼ ਆਈ ਅਤੇ ਉਹ ਆਪਣੀ ਗਰਦਨ ਫੜ ਕੇ ਡਿੱਗ ਪਿਆ। ਉਨ੍ਹਾਂ ਦੀ ਗਰਦਨ ਵਿੱਚੋਂ ਤੇਜ਼ੀ ਨਾਲ ਖੂਨ ਵਹਿਣ ਲੱਗਾ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ ਅਤੇ ਲੋਕ ਚੀਕਾਂ ਮਾਰਦੇ ਹੋਏ ਭੱਜਣ ਲੱਗੇ। ਵਿਡੰਬਨਾ ਇਹ ਹੈ ਕਿ ਗੋਲੀ ਲੱਗਣ ਤੋਂ ਠੀਕ ਪਹਿਲਾਂ, ਕਿਰਕ ਬੰਦੂਕ ਦੀ ਹਿੰਸਾ ਬਾਰੇ ਗੱਲ ਕਰ ਰਹੇ ਸਨ।

ਹਮਲਾਵਰ ਫਰਾਰ, FBI ਨੇ ਜਾਂਚ ਕੀਤੀ ਸ਼ੁਰੂ

ਪੁਲਿਸ ਦੇ ਅਨੁਸਾਰ, ਹਮਲਾਵਰ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਉਸਨੇ ਨੇੜਲੀ ਇਮਾਰਤ ਦੀ ਛੱਤ ਤੋਂ ਗੋਲੀਬਾਰੀ ਕੀਤੀ। ਹਮਲੇ ਤੋਂ ਤੁਰੰਤ ਬਾਅਦ, ਕੈਂਪਸ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਕਲਾਸਾਂ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀਆਂ ਗਈਆਂ। ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ, ਪਰ ਬਾਅਦ ਵਿੱਚ ਉਸਨੂੰ ਰਿਹਾ ਕਰ ਦਿੱਤਾ ਕਿਉਂਕਿ ਉਹ ਦੋਸ਼ੀ ਨਹੀਂ ਸੀ। ਹਮਲਾਵਰ ਅਜੇ ਵੀ ਫਰਾਰ ਹੈ ਅਤੇ ਉਸਨੂੰ ਲੱਭਣ ਲਈ ਇੱਕ ਵੱਡਾ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ। ਅਮਰੀਕੀ ਜਾਂਚ ਏਜੰਸੀ FBI ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ।

ਟਰੰਪ ਨੇ ਪ੍ਰਗਟ ਕੀਤਾ ਦੁੱਖ, ਅਮਰੀਕਾ ਦਾ ਝੰਡੇ ਝੁਕਾਇਆ ਗਿਆ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਹਿਯੋਗੀ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁਥ ਸੋਸ਼ਲ’ ‘ਤੇ ਲਿਖਿਆ, ਮਹਾਨ ਚਾਰਲੀ ਕਿਰਕ ਹੁਣ ਸਾਡੇ ਵਿਚਕਾਰ ਨਹੀਂ ਹਨ। ਨੌਜਵਾਨਾਂ ਦੇ ਦਿਲ ਨੂੰ ਉਨ੍ਹਾਂ ਤੋਂ ਬਿਹਤਰ ਕੋਈ ਨਹੀਂ ਸਮਝਦਾ ਸੀ। ਮੈਂ ਅਤੇ ਮੇਲਾਨੀਆ ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ। ਇਸ ਘਟਨਾ ਦੇ ਸਨਮਾਨ ਵਿੱਚ, ਵ੍ਹਾਈਟ ਹਾਊਸ ਦੇ ਹੁਕਮ ‘ਤੇ ਪੂਰੇ ਅਮਰੀਕਾ ਵਿੱਚ ਅਮਰੀਕੀ ਝੰਡਿਆਂ ਨੂੰ ਅੱਧਾ ਝੁਕਾ ਦਿੱਤਾ ਗਿਆ ਹੈ।

ਵਿਵਾਦ ਵਿੱਚ ਸੀ ਚਾਰਲੀ ਕਿਰਕ ਦਾ ਪ੍ਰੋਗਰਾਮ

ਇਹ ਵੀ ਸਾਹਮਣੇ ਆਇਆ ਹੈ ਕਿ ਚਾਰਲੀ ਕਿਰਕ ਦਾ ਇਹ ਪ੍ਰੋਗਰਾਮ ਪਹਿਲਾਂ ਹੀ ਵਿਵਾਦ ਵਿੱਚ ਸੀ। ਲਗਭਗ 1,000 ਵਿਦਿਆਰਥੀਆਂ ਨੇ ਇੱਕ ਔਨਲਾਈਨ ਪਟੀਸ਼ਨ ਦਾਇਰ ਕਰਕੇ ਯੂਨੀਵਰਸਿਟੀ ਤੋਂ ਉਨ੍ਹਾਂ ਦੇ ਪ੍ਰੋਗਰਾਮ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ, ਯੂਨੀਵਰਸਿਟੀ ਨੇ “ਬੋਲਣ ਦੀ ਆਜ਼ਾਦੀ” ਦਾ ਹਵਾਲਾ ਦਿੰਦੇ ਹੋਏ ਪ੍ਰੋਗਰਾਮ ਨੂੰ ਮਨਜ਼ੂਰੀ ਦੇ ਦਿੱਤੀ। ਇਸ ਘਟਨਾ ਦੀ ਡੈਮੋਕ੍ਰੇਟ ਅਤੇ ਰਿਪਬਲਿਕਨ ਦੋਵਾਂ ਪਾਰਟੀਆਂ ਦੇ ਨੇਤਾਵਾਂ ਨੇ ਸਖ਼ਤ ਨਿੰਦਾ ਕੀਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version