Homeਪੰਜਾਬਪੰਜਾਬ ਪੁਲਿਸ ਦੇ 274 ਅਧਿਕਾਰੀਆਂ ਦੀਆਂ ਬਦਲੀਆਂ

ਪੰਜਾਬ ਪੁਲਿਸ ਦੇ 274 ਅਧਿਕਾਰੀਆਂ ਦੀਆਂ ਬਦਲੀਆਂ

ਚੰਡੀਗੜ੍ਹ: ਪੰਜਾਬ ਪੁਲਿਸ ਵਿਭਾਗ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੁਲਿਸ ਅਦਾਰੇ ਦੀ ਸਥਾਪਨਾ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਏ.ਐੱਸ.ਪੀ ਅਤੇ ਡੀ.ਐੱਸ.ਪੀ ਪੱਧਰ ਦੇ ਕੁੱਲ 274 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਫੇਰਬਦਲ ਨਾਲ ਸੂਬੇ ਦੇ ਕਈ ਜ਼ਿਲ੍ਹਿਆਂ, ਸਬ-ਡਿਵੀਜ਼ਨਾਂ ਅਤੇ ਵਿਸ਼ੇਸ਼ ਪੁਲਿਸ ਵਿੰਗਾਂ ਵਿੱਚ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਬਦਲ ਗਈਆਂ ਹਨ।

ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਗੁਪਤ ਸੈਕਸ਼ਨ-2 ਵੱਲੋਂ 21 ਨਵੰਬਰ 2026 ਨੂੰ ਇਹ ਹੁਕਮ ਜਾਰੀ ਕੀਤੇ ਗਏ। ਸਾਰੇ ਤਬਾਦਲੇ ਪ੍ਰਸ਼ਾਸਨਿਕ ਕਾਰਨਾਂ ਦੇ ਆਧਾਰ ‘ਤੇ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਕਈ ਅਧਿਕਾਰੀਆਂ ਨੂੰ ਜ਼ਿਲ੍ਹਿਆਂ ਅਤੇ ਸਬ-ਡਿਵੀਜ਼ਨਾਂ ਵਿੱਚ ਨਵੀਂ ਜ਼ਿੰਮੇਵਾਰੀ

ਜਾਰੀ ਹੁਕਮਾਂ ਅਨੁਸਾਰ ਪਰਾਸ ਗਰਗ ਨੂੰ ਮੁੱਢਲੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਅੰਮ੍ਰਿਤਸਰ ਦੀ ਕੇਂਦਰੀ ਸਬ-ਡਿਵੀਜ਼ਨ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁਰਿੰਦਰ ਸਿੰਘ ਨੂੰ ਏਸੀਪੀ ਡਿਟੈਕਟਿਵ ਜਲੰਧਰ ਤੋਂ ਡੀਐੱਸਪੀ ਸਾਈਬਰ ਕ੍ਰਾਈਮ ਅਤੇ ਫੋਰੈਂਸਿਕਸ, ਐੱਸਏਐੱਸ ਨਗਰ ਭੇਜਿਆ ਗਿਆ ਹੈ। ਅਮਰਬੀਰ ਸਿੰਘ ਨੂੰ ਜਲੰਧਰ ਦੇ ਪੱਛਮੀ ਸਬ-ਡਿਵੀਜ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਤੋਂ ਇਲਾਵਾ ਮੋਹਿਤ ਕੁਮਾਰ ਨੂੰ ਹੁਸ਼ਿਆਰਪੁਰ ਦੀ ਦਸੂਹਾ ਸਬ-ਡਿਵੀਜ਼ਨ ਵਿੱਚ ਡੀਐੱਸਪੀ ਵਜੋਂ ਤਾਇਨਾਤ ਕੀਤਾ ਗਿਆ ਹੈ। ਆਤਿਸ਼ ਭਾਟੀਆ ਨੂੰ ਲਹਿਰਾਗਾਗਾ, ਅੰਗਰੇਜ ਸਿੰਘ ਨੂੰ ਲੁਧਿਆਣਾ ਦੇ ਗਿੱਲ (ਦੱਖਣੀ) ਖੇਤਰ ਅਤੇ ਪ੍ਰਿਤਪਾਲ ਸਿੰਘ ਨੂੰ ਬਠਿੰਡਾ ਦੇ ਭੁੱਚੋ ਸਬ-ਡਿਵੀਜ਼ਨ ਵਿੱਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ।

ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਬਦਲੀਆਂ

ਇਸ ਵੱਡੇ ਫੇਰਬਦਲ ਵਿੱਚ ਪਟਿਆਲਾ ਜ਼ਿਲ੍ਹੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇੱਥੋਂ ਦੇ ਪੇਂਡੂ ਖੇਤਰ, ਪਾਤੜਾਂ (ਸ਼ੁਤਰਾਣਾ), ਸਮਾਣਾ ਅਤੇ ਸਿਟੀ-2 ਵਰਗੀਆਂ ਸਬ-ਡਿਵੀਜ਼ਨਾਂ ਵਿੱਚ ਵੀ ਅਧਿਕਾਰੀਆਂ ਦੀਆਂ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।

ਇਸ ਦੇ ਨਾਲ ਹੀ ਮਲੇਰਕੋਟਲਾ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਬਦਲੀਆਂ ਗਈਆਂ ਹਨ। ਕੁਝ ਅਧਿਕਾਰੀਆਂ ਨੂੰ ਤਰੱਕੀ ਮਿਲਣ ਤੋਂ ਬਾਅਦ ਨਵੀਂ ਪੋਸਟਿੰਗ ਦਿੱਤੀ ਗਈ ਹੈ, ਜਦਕਿ ਕੁਝ ਦੀ ਤਾਇਨਾਤੀ ਸਿਖਲਾਈ ਪੂਰੀ ਹੋਣ ਮਗਰੋਂ ਕੀਤੀ ਗਈ ਹੈ।

ਵਿਸ਼ੇਸ਼ ਪੁਲਿਸ ਵਿੰਗਾਂ ਵਿੱਚ ਵੀ ਨਿਯੁਕਤੀਆਂ

ਤਬਾਦਲਿਆਂ ਦੀ ਸੂਚੀ ਵਿੱਚ ਕਈ ਮਹੱਤਵਪੂਰਨ ਪੁਲਿਸ ਵਿੰਗਾਂ ਦੀਆਂ ਨਵੀਆਂ ਨਿਯੁਕਤੀਆਂ ਵੀ ਸ਼ਾਮਲ ਹਨ। ਕ੍ਰਿਸ਼ਨ ਕੁਮਾਰ ਨੂੰ ਸਪੈਸ਼ਲ ਸਿਕਿਓਰਿਟੀ ਗਰੁੱਪ (SSG), ਕਰਨੈਲ ਸਿੰਘ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF), ਵਿਕਾਸ ਅਬਰੋਲ ਨੂੰ ਸਾਈਬਰ ਕ੍ਰਾਈਮ ਵਿੰਗ ਅਤੇ ਅਨੀਤਾ ਸੈਣੀ ਨੂੰ ਪਹਿਲੀ ਆਈਆਰਬੀ ਪਟਿਆਲਾ ਵਿੱਚ ਤਾਇਨਾਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਕਈ ਅਧਿਕਾਰੀਆਂ ਨੂੰ ਕਮਾਂਡੋ ਬਟਾਲੀਅਨਾਂ, ਨਾਰਕੋਟਿਕਸ, ਟੈਕਨੀਕਲ ਸਪੋਰਟ ਸਰਵਿਸਿਜ਼ ਅਤੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਵੱਖ-ਵੱਖ ਵਿੰਗਾਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

22 ਨਵੰਬਰ ਦੁਪਹਿਰ ਤੋਂ ਪਹਿਲਾਂ ਨਵੀਂ ਥਾਂ ‘ਤੇ ਸੰਭਾਲਣਾ ਹੋਵੇਗਾ ਚਾਰਜ

ਪੁਲਿਸ ਵਿਭਾਗ ਵੱਲੋਂ ਸਾਰੇ ਸਬੰਧਤ ਅਧਿਕਾਰੀਆਂ ਨੂੰ ਆਪਣੀਆਂ ਪੁਰਾਣੀਆਂ ਤਾਇਨਾਤੀਆਂ ਤੋਂ ਤੁਰੰਤ ਰਿਲੀਵ ਹੋ ਕੇ ਨਵੇਂ ਅਹੁਦਿਆਂ ‘ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਹੁਕਮਾਂ ਮੁਤਾਬਕ ਅਧਿਕਾਰੀਆਂ ਨੂੰ 22 ਨਵੰਬਰ 2026 ਨੂੰ ਦੁਪਹਿਰ ਤੋਂ ਪਹਿਲਾਂ ਨਵੀਂ ਤਾਇਨਾਤੀ ਵਾਲੀ ਥਾਂ ‘ਤੇ ਆਪਣਾ ਚਾਰਜ ਸੰਭਾਲਣਾ ਹੋਵੇਗਾ।

ਇਸ ਦੇ ਨਾਲ ਹੀ ਚਾਰਜ ਛੱਡਣ ਅਤੇ ਨਵਾਂ ਚਾਰਜ ਸੰਭਾਲਣ ਸਬੰਧੀ ਰਿਪੋਰਟਾਂ ਤੁਰੰਤ ਪੁਲਿਸ ਮੁੱਖ ਦਫ਼ਤਰ ਨੂੰ ਭੇਜਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments