ਨਵੀਂ ਦਿੱਲੀ : ਦਿੱਲੀ ਦੇ ਮੁੰਡਕਾ ਇੰਡਸਟਰੀਅਲ ਏਰੀਆ ਵਿੱਚ ਅੱਜ ਇੱਕ ਦਰਦਨਾਕ ਹਾਦਸੇ ਵਿੱਚ, ਸੈਪਟਿਕ ਟੈਂਕ ਸਾਫ਼ ਕਰਨ ਉੱਤਰੇ ਤਿੰਨ ਮਜ਼ਦੂਰਾਂ ਦੀ ਜ਼ਹਿਰੀਲੀ ਗੈਸ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਤਿੰਨੇ ਮਜ਼ਦੂਰ ਇੱਕ ਤੋਂ ਬਾਅਦ ਇੱਕ ਟੈਂਕ ਵਿੱਚ ਉਤਰ ਰਹੇ ਸਨ ਅਤੇ ਇਸ ਦੌਰਾਨ ਉੱਥੇ ਮੌਜੂਦ ਗੈਸ ਦੀ ਚਪੇਟ ਵਿੱਚ ਆਕੇ ਬੇਹੋਸ਼ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਕੋਈ ਸੁਰੱਖਿਆ ਉਪਕਰਣ ਨਹੀਂ ਪਾਇਆ ਹੋਇਆ ਸੀ। ਮਜ਼ਦੂਰਾਂ ਨੂੰ ਬਚਾਉਣ ਦੇ ਲਈ ਡੀ.ਐਫ.ਐਸ. ਦੀਆਂ ਦੋ ਟੀਮਾਂ ਨੂੰ ਭੇਜੀਆਂ ਗਈਆਂ ਸੀ ਜੋ ਕਿ ਟ੍ਰੈਫਿਕ ਜਾਮ ਵਿੱਚ ਫਸਣ ਦੀ ਵਜ੍ਹਾਂ ਕਾਰਨ ਸਮੇਂ ’ਤੇ ਨਹੀਂ ਪਹੁੰਚ ਸਕੀਆਂ ਹਨ।
ਟੈਂਕ ਵਿੱਚ ਨੀਚੇ ਉਤਰੇ ਮਜ਼ਦੂਰਾਂ ਵਿੱਚੋਂ ਕੋਈ ਆਵਾਜ਼ ਨਾ ਆਈ ਤਾਂ ਬਾਹਰ ਮੌਜੂਦ ਲੋਕਾਂ ਨੇ ਦਿੱਲੀ ਫਾਇਰ ਸਰਵਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬਚਾਅ ਟੀਮ ਪਹੁੰਚੀ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ। ਮ੍ਰਿਤਕ ਮਜ਼ਦੂਰਾਂ ਦੀ ਪਛਾਣ ਅਰੁਣ ਸਿੰਘ ਪੁੱਤਰ ਅਜੀਤ ਸਿੰਘ (ਉਮਰ 38 ਸਾਲ), ਸੰਦੀਪ ਪੁੱਤਰ ਪਾਲੇਰਾਮ (ਉਮਰ 32 ਸਾਲ) ਅਤੇ ਚਾਂਦ ਪੁੱਤਰ ਰਾਜੂ (ਉਮਰ 42 ਸਾਲ) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਤਿੰਨੋਂ ਮ੍ਰਿਤਕ ਸੁਲਤਾਨਪੁਰੀ ਦੇ ਇੰਦਰਾ ਝੀਲ ਖੇਤਰ ਦੇ ਵਸਨੀਕ ਸਨ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਟ੍ਰੈਫਿਕ ਜਾਮ ਵਿੱਚ ਫਸ ਗਿਆ ਸਨ ਬਚਾਅ ਟੀਮਾਂ
ਘਟਨਾ ਦੀ ਜਾਣਕਾਰੀ ਦਿੰਦੇ ਹੋਏ, ਦਿੱਲੀ ਫਾਇਰ ਸਰਵਿਸਿਜ਼ (ਡੀ.ਐਫ.ਐਸ.) ਦੇ ਅਧਿਕਾਰੀਆਂ ਨੇ ਦੱਸਿਆ ਕਿ, “ਸਾਨੂੰ ਦੁਪਹਿਰ 12:03 ਵਜੇ ਇੱਕ ਕਾਲ ਆਈ ਜਿਸ ਵਿੱਚ ਸਾਨੂੰ ਦੱਸਿਆ ਗਿਆ ਕਿ ਕੁਝ ਲੋਕ ਮੁੰਡਕਾ ਇੰਡਸਟਰੀਅਲ ਏਰੀਆ ਵਿੱਚ ਇੱਕ ਫੈਕਟਰੀ ਵਿੱਚ ਸੈਪਟਿਕ ਟੈਂਕ ਦੇ ਅੰਦਰ ਫਸੇ ਹੋਏ ਹਨ।” ਟੀਮ ਮੌਕੇ ‘ਤੇ ਪਹੁੰਚੀ। ਸ਼ੁਰੂ ਵਿੱਚ, ਦੋ ਐਮਰਜੈਂਸੀ ਵਾਹਨ ਭੇਜੇ ਗਏ ਸਨ। ਹਾਲਾਂਕਿ, ਦੋਵੇਂ ਵਾਹਨ ਭਾਰੀ ਟ੍ਰੈਫਿਕ ਜਾਮ ਵਿੱਚ ਫਸ ਗਏ। ਰਿਸਪਾਂਸ ਟੀਮ ਨੇ ਦੁਪਹਿਰ 12:23 ਵਜੇ ਟ੍ਰੈਫਿਕ ਜਾਮ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ, ਬਚਾਅ ਕਾਰਜ ਨੂੰ ਤੇਜ਼ ਕਰਨ ਲਈ ਟਿੱਕਰੀ ਰਾਹੀਂ ਦੂਜੀ ਦਿਸ਼ਾ ਤੋਂ ਇੱਕ ਹੋਰ ਗੱਡੀ ਭੇਜੀ ਗਈ।
ਅਧਿਕਾਰੀਆਂ ਨੇ ਕਿਹਾ ਕਿ ਫਾਇਰ ਵਿਭਾਗ ਦੇ ਲੋਕਾਂ ਨੇ ਆਪ੍ਰੇਸ਼ਨ ਦੌਰਾਨ ਅੰਦਰ ਫਸੇ ਤਿੰਨਾਂ ਮਜ਼ਦੂਰਾਂ ਨੂੰ ਟੈਂਕ ਤੋਂ ਬਾਹਰ ਕੱਢਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਦੁਪਹਿਰ ਕਰੀਬ 1.30 ਵਜੇ ਫਾਇਰ ਵਿਭਾਗ ਨੇ ਮੌਕੇ ’ਤੇ ਐੱਸ.ਡੀ.ਐੱਮ. (ਸਬ-ਡਿਵੀਜ਼ਨਲ ਮੈਜਿਸਟ੍ਰੇਟ) ਨੂੰ ਬੁਲਾਇਆ। ਇਸ ਬਾਰੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ (ਡੀ.ਡੀ.ਐੱਮ.ਏ.) ਰਾਹੀਂ ਮੁੰਡਕਾ ਦੇ ਐੱਸ.ਡੀ.ਐੱਮ. ਨੂੰ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।
