ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਹੈ ਕਿ ਵੋਟ ਚੋਰੀ ਦੇ ਲਈ ਜ਼ਿੰਮੇਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਪਾਰਟੀ 30 ਅਕਤੂਬਰ ਨੂੰ ਇੱਕ ਜਨਤਕ ‘ਮਹਾਂਦੋਸ਼’ ਪ੍ਰੋਗਰਾਮ ਆਯੋਜਿਤ ਕਰੇਗੀ। ਪਾਰਟੀ ਨੇ ਵੋਟਾਂ ਦੀ ਚੋਰੀ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਕਾਂਗਰਸ ਦੇ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਅੱਜ , ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਦੱਸਿਆ ਕਿ ‘ਇੰਡੀਆ’ ਗਠਜੋੜ ਇਹ ਪ੍ਰੋਗਰਾਮ ਦੁਪਹਿਰ 3:30 ਵਜੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਰਕਾਰੀ ਰਿਹਾਇਸ਼, 10 ਰਾਜਾਜੀ ਮਾਰਗ ਵਿਖੇ ਆਯੋਜਿਤ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਸਥਾਨ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਹੋਰ ਥਾਵਾਂ ‘ਤੇ ਇਹ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਹੀਂ ਮਿਲੀ ਸੀ।
ਰਮੇਸ਼ ਨੇ ਦੋਸ਼ ਲਾਇਆ ਕਿ ਗਿਆਨੇਸ਼ ਕੁਮਾਰ ਨੇ ਸੰਵਿਧਾਨ ਦੀਆਂ ਧਾਰਾਵਾਂ ਅਤੇ ਇਸ ਦੀ ਭਾਵਨਾ, ਦੋਵਾਂ ਦੀ ਸਪੱਸ਼ਟ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਮਾਰ ਨੇ ਦੇਸ਼ ਦੇ ਚੋਣ ਲੋਕਤੰਤਰ ਦੀਆਂ ਨੀਂਹਾਂ ਨੂੰ ਕਮਜ਼ੋਰ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਹੈ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੁੱਖ ਚੋਣ ਕਮਿਸ਼ਨਰ ਨੇ ਸੁਪਰੀਮ ਕੋਰਟ ਦੇ ਸਾਹਮਣੇ ਝੂਠ ਬੋਲਿਆ ਹੈ। ਰਮੇਸ਼ ਨੇ ਕਿਹਾ ਕਿ ਕੁਮਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੋਵਾਂ ਦੀ ਵੀ ਵਾਰੀ ਆਵੇਗੀ।
