ਇੰਫਾਲ: ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ‘ਚ ਫਿਰੌਤੀ ਦੇ ਮਾਮਲੇ ‘ਚ ਇਕ ਪੁਲਿਸ ਕਰਮਚਾਰੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਅਧਿਕਾਰਤ ਬਿਆਨ ‘ਚ ਦਿੱਤੀ ਗਈ।
ਬਿਆਨ ਮੁਤਾਬਕ ਤਿੰਨਾਂ ਵਿਅਕਤੀਆਂ ਨੂੰ ਬੀਤੇ ਦਿਨ ਸਿੰਗਜਾਮੇਈ ਦੇ ਵੱਖ-ਵੱਖ ਇਲਾਕਿਆਂ ‘ਚ ਸਥਿਤ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪਹਿਲੀ ਮਣੀਪੁਰ ਰਾਈਫਲਜ਼ ਦੇ ਹੌਲਦਾਰ ਵਾਈਖੋਮ ਅਮਰਜੀਤ ਸਿੰਘ (44), ਓਕਰਮ ਪ੍ਰਿਯੋਕੁਮਾਰ ਸਿੰਘ (40) ਅਤੇ ਥੋਂਗਰਾਮ ਸੁਨਸਾਨ ਸਿੰਘ (34) ਵਜੋਂ ਹੋਈ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਪੁਲਿਸ ਮੁਲਾਜ਼ਮ ਕੋਲੋਂ ਇੱਕ 9 ਐਮ.ਐਮ ਦੀ ਪਿਸਤੌਲ ਅਤੇ ਚਾਰ ਕਾਰਤੂਸਾਂ ਨਾਲ ਭਰਿਆ ਇੱਕ ਮੈਗਜ਼ੀਨ ਬਰਾਮਦ ਕੀਤਾ ਗਿਆ ਹੈ।











