ਕਰਨਾਟਕ : ਕਰਨਾਟਕ ਦੇ ਸ਼ਿਵਮੋਗਾ ਵਿੱਚ ਅੱਜ ਸਵੇਰੇ ਜ਼ਮੀਨ ਖਿਸਕ ਗਈ। ਇਸ ਹਾਦਸੇ ਵਿੱਚ ਇੱਕ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਸ ਹਾਦਸੇ ਵਿੱਚ ਇੱਕ ਹੋਰ ਮਜ਼ਦੂਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ। ਇਸ ਸਮੇਂ ਉਸਦਾ ਇਲਾਜ ਚੱਲ ਰਿਹਾ ਹੈ।
ਇਹ ਦਰਦਨਾਕ ਹਾਦਸਾ ਤੀਰਥਹੱਲੀ ਤਾਲੁਕ ਦੇ ਇੰਦਿਰਾ ਨਗਰ ਵਿੱਚ ਸਵੇਰੇ ਲਗਭਗ 2:30 ਵਜੇ ਵਾਪਰਿਆ, ਜਦੋਂ ਪਹਾੜੀ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਮਜ਼ਦੂਰਾਂ ਦਾ ਸ਼ੈੱਡ ਮਲਬੇ ਹੇਠਾਂ ਦੱਬ ਗਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ 35 ਸਾਲਾ ਮੱਲਿਕਾਰਜੁਨ, 28 ਸਾਲਾ ਨਾਗਾਵੇਣੀ ਅਤੇ 3 ਸਾਲਾ ਬਾਲਕ ਸੰਤੋਸ਼ ਵਜੋਂ ਹੋਈ ਹੈ।
ਇਹ ਸਾਰੇ ਲੋਕ ਕੋਪਲ ਜ਼ਿਲ੍ਹੇ ਦੇ ਗੰਗਾਵਤੀ ਤਾਲੁਕ ਦੇ ਕੋਕਰੇਗਰੂ ਪਿੰਡ ਦੇ ਪ੍ਰਵਾਸੀ ਮਜ਼ਦੂਰ ਸਨ। ਇਹ ਪਰਿਵਾਰ ਪਿਛਲੇ ਦੋ ਸਾਲਾਂ ਤੋਂ ਉਸ ਸ਼ੈੱਡ ਵਿੱਚ ਰਹਿ ਰਿਹਾ ਸੀ, ਜੋ ਅੱਜ ਸਵੇਰੇ ਅਚਾਨਕ ਢਹਿ ਗਿਆ।
ਭਾਰੀ ਮੀਂਹ ਕਾਰਨ ਇਹ ਹਾਦਸਾ ਵਾਪਰਿਆ ਹੈ। ਮਲਨਾਡ ਖੇਤਰ ਵਿੱਚ ਭਾਰੀ ਮੀਂਹ ਕਾਰਨ ਤੜਕੇ 2:30 ਵਜੇ ਜ਼ਮੀਨ ਖਿਸਕ ਗਈ। ਸਥਾਨਕ ਲੋਕਾਂ ਨੇ ਤੁਰੰਤ ਹੀ ਬਚਾਅ ਮੁਹਿੰਮ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਤੇ ਅੱਗ ਬੁਝਾਊ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਮਲਬੇ ਹੇਠਾਂ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਇਸ ਘਟਨਾ ਵਿੱਚ ਮ੍ਰਿਤਕ ਪਰਿਵਾਰ ਦੇ ਨੇੜੇ ਇੱਕ ਹੋਰ ਸ਼ੈੱਡ ਵਿੱਚ ਰਹਿ ਰਹੇ ਇੱਕ ਮਜ਼ਦੂਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਫਿਲਹਾਲ ਉਸ ਨੂੰ ਤੀਰਥਹੱਲੀ ਦੇ ਜਯਾਚਾਮਾਰਾਜੇਂਦਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਭਾਰੀ ਮੀਂਹ ਕਾਰਨ ਪ੍ਰਸ਼ਾਸਨ ਨੂੰ ਬਚਾਅ ਕਾਰਜ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਇਲਾਕੇ ਦੇ ਲੋਕਾਂ ਨੂੰ ਸੰਵੇਦਨਸ਼ੀਲ ਥਾਵਾਂ ‘ਤੇ ਨਾ ਜਾਣ ਅਤੇ ਵਾਧੂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਭਾਰੀ ਮੀਂਹ ਕਾਰਨ ਸ਼ਿਵਮੋਗਾ ਦੇ ਕਈ ਇਲਾਕਿਆਂ ਵਿੱਚ ਜਲਭਰਾਅ ਦੀ ਸਥਿਤੀ ਬਣੀ ਹੋਈ ਹੈ। ਪ੍ਰਸ਼ਾਸਨ ਅਲਰਟ ‘ਤੇ ਹੈ ਅਤੇ ਹਾਲਾਤਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।












