ਅੰਮ੍ਰਿਤਸਰ: ਸ਼ਹਿਰ ਵਿੱਚ ਕਾਨੂੰਨ-ਵਿਵਸਥਾ, ਰਾਤ ਦੀ ਸੁਰੱਖਿਆ ਅਤੇ ਆਵਾਜ਼ ਪ੍ਰਦੂਸ਼ਣ ਨੂੰ ਲੈ ਕੇ ਪੁਲਿਸ ਨੇ ਤਿੰਨ ਅਹਿਮ ਹੁਕਮ ਲਾਗੂ ਕੀਤੇ ਹਨ। ਇਹ ਹੁਕਮ ਡੀਸੀਪੀ ਸਥਾਨਕ ਅੰਮ੍ਰਿਤਸਰ ਆਕਰਸ਼ੀ ਜੈਨ, ਆਈਪੀਐਸ ਵੱਲੋਂ ਜਾਰੀ ਕੀਤੇ ਗਏ ਹਨ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਰਾਤ 12 ਵਜੇ ਤੋਂ ਬਾਅਦ ਰੈਸਟੋਰੈਂਟ-ਢਾਬੇ ਨਹੀਂ ਖੁੱਲ੍ਹਣਗੇ
ਪਹਿਲੇ ਹੁਕਮ ਤਹਿਤ ਅੰਮ੍ਰਿਤਸਰ ਸ਼ਹਿਰ ਵਿੱਚ ਰਾਤ 12 ਵਜੇ ਤੋਂ ਬਾਅਦ ਰੈਸਟੋਰੈਂਟ, ਢਾਬੇ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਖੋਲ੍ਹਣ ’ਤੇ ਪਾਬੰਦੀ ਰਹੇਗੀ। ਪੁਲਿਸ ਵੱਲੋਂ ਰਾਤ ਸਮੇਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਇਹ ਫੈਸਲਾ ਲਿਆ ਗਿਆ ਹੈ।
ਗੱਡੀਆਂ ਵਿੱਚ ਬੇਸਬਾਲ ਬੈਟ ਤੇ ਨੁਕੀਲੀਆਂ ਵਸਤੂਆਂ ’ਤੇ ਪਾਬੰਦੀ
ਦੂਜੇ ਹੁਕਮ ਤਹਿਤ ਵਾਹਨਾਂ ਵਿੱਚ ਬੇਸਬਾਲ ਬੈਟ ਸਮੇਤ ਨੁਕੀਲੀਆਂ ਜਾਂ ਹੋਰ ਖ਼ਤਰਨਾਕ ਵਸਤੂਆਂ ਰੱਖਣ ’ਤੇ ਪਾਬੰਦੀ ਲਗਾਈ ਗਈ ਹੈ। ਪੁਲਿਸ ਦਾ ਮਕਸਦ ਅਜਿਹੀਆਂ ਵਸਤੂਆਂ ਦੀ ਗਲਤ ਵਰਤੋਂ ਨੂੰ ਰੋਕਣਾ ਅਤੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਬਿਹਤਰ ਬਣਾਉਣਾ ਹੈ।
ਮੈਰਿਜ ਪੈਲੇਸਾਂ ਅਤੇ ਬਾਜ਼ਾਰਾਂ ਵਿੱਚ ਗਾਣਿਆਂ ਦੀ ਆਵਾਜ਼ ’ਤੇ ਵੀ ਨਿਯਮ
ਤੀਜੇ ਹੁਕਮ ਤਹਿਤ ਮੈਰਿਜ ਪੈਲੇਸਾਂ, ਬਾਜ਼ਾਰਾਂ ਅਤੇ ਵਾਹਨਾਂ ਵਿੱਚ ਗਾਣੇ ਚਲਾਉਣ ਸਮੇਂ ਆਵਾਜ਼ ਪ੍ਰਦੂਸ਼ਣ ਸਬੰਧੀ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਕੇ ਤੇਜ਼ ਆਵਾਜ਼ ਵਿੱਚ ਸੰਗੀਤ ਚਲਾਉਣ ’ਤੇ ਕਾਰਵਾਈ ਹੋ ਸਕਦੀ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ। ਅਧਿਕਾਰੀਆਂ ਮੁਤਾਬਕ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।












