ਬਰਲਿਨ: ਜਰਮਨੀ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ। ਤਿੰਨੋਂ ਜਰਮਨੀ ਵਿੱਚ ਪੜ੍ਹ ਰਹੇ ਸਨ। ਇਹ ਘਟਨਾ ਉੱਤਰੀ ਰਾਈਨ-ਵੈਸਟਫਾਲੀਆ ਸੂਬੇ ਦੇ ਬੋਚਮ ਸ਼ਹਿਰ ਦੀ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਉਸੇ ਇਮਾਰਤ ਵਿੱਚ ਰਹਿਣ ਵਾਲੇ 41 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਲਿਨ ਸਥਿਤ ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਘਟਨਾ ਦੀ ਜਾਣਕਾਰੀ ਦਿੱਤੀ। ਦੂਤਾਵਾਸ ਮੁਤਾਬਕ ਜਰਮਨੀ ਵਿੱਚ ਭਾਰਤੀ ਨਾਗਰਿਕਾਂ ਦੀ ਮੌਤ ਤੋਂ ਬਾਅਦ ਭਾਰਤੀ ਦੂਤਾਵਾਸ ਅਤੇ ਫਰੈਂਕਫਰਟ ਸਥਿਤ ਭਾਰਤੀ ਕੌਂਸਲੇਟ ਸਥਾਨਕ ਅਧਿਕਾਰੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਸੰਪਰਕ ਵਿੱਚ ਹਨ।
ਰਿਪੋਰਟ ਮੁਤਾਬਕ ਅੱਗ ਲੱਗਣ ਦੀ ਘਟਨਾ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ 25 ਅਤੇ 27 ਸਾਲ ਦੀ ਉਮਰ ਦੀਆਂ ਦੋ ਔਰਤਾਂ ਅਤੇ 26 ਸਾਲ ਦਾ ਇੱਕ ਪੁਰਸ਼ ਸ਼ਾਮਲ ਹੈ। ਤਿੰਨੋਂ ਭਾਰਤੀ ਨਾਗਰਿਕ ਸਨ ਅਤੇ ਜਰਮਨੀ ਵਿੱਚ ਪੜ੍ਹ ਰਹੇ ਸਨ। ਇਸ ਘਟਨਾ ਨਾਲ ਮ੍ਰਿਤਕਾਂ ਦੇ ਪਰਿਵਾਰਾਂ ‘ਤੇ ਦੁੱਖ ਦਾ ਪਹਾੜ ਆ ਗਿਆ ਹੈ। ਭਾਰਤੀ ਦੂਤਾਵਾਸ ਨੇ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਦੂਤਾਵਾਸ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਅਨਾਦੋਲੂ ਸਮਾਚਾਰ ਏਜੰਸੀ ਦੇ ਅਨੁਸਾਰ, ਪੁਲਿਸ ਅਤੇ ਇਸਤਗਾਸਾ ਅਧਿਕਾਰੀਆਂ ਨੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ। ਇਸ ਵਿੱਚ ਅੱਗ ਬੁਝਾਊ ਮਾਹਿਰਾਂ ਦੀ ਜਾਂਚ ਵੀ ਸ਼ਾਮਲ ਹੈ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਤਕਨੀਕੀ ਖ਼ਰਾਬੀ ਹੋਣ ਤੋਂ ਇਨਕਾਰ ਕੀਤਾ ਗਿਆ ਹੈ। ਜਾਂਚਕਰਤਾਵਾਂ ਨੇ ਫਿਰ ਆਪਣਾ ਧਿਆਨ ਇਮਾਰਤ ਵਿੱਚ ਰਹਿੰਦੇ ਇੱਕ 41 ਸਾਲਾ ਵਿਅਕਤੀ ਵੱਲ ਮੋੜਿਆ, ਜਿਸ ਨੂੰ ਅਸਥਾਈ ਤੌਰ ‘ਤੇ ਗ੍ਰਿਫਤਾਰ ਕੀਤਾ ਗਿਆ ਸੀ।
ਕਤਲ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੁਲਿਸ ਟੀਮ ਵੱਲੋਂ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੋਚਮ ਪ੍ਰੌਸੀਕਿਊਸ਼ਨ ਦਫਤਰ ਦੀਆਂ ਹਦਾਇਤਾਂ ‘ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਜਰਮਨੀ ਦੇ ਜਨਤਕ ਪ੍ਰਸਾਰਕ ਐਨ.ਡੀ.ਆਰ. ਨੇ ਰਿਪੋਰਟ ਦਿੱਤੀ ਕਿ ਅੱਗ ਲੱਗਣ ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ ਝਗੜੇ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਪੁਲਿਸ ਨੂੰ ਉਸੇ ਇਮਾਰਤ ਵਿੱਚ ਬੁਲਾਇਆ ਗਿਆ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਘਟਨਾ ਦੇ ਸਬੰਧ ਵਿੱਚ ਉੱਥੇ ਪਹੁੰਚ ਚੁੱਕੀ ਹੈ। ਹਾਲਾਂਕਿ, ਪੁਲਿਸ ਨੇ ਕਿਹਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਪਹਿਲਾਂ ਦੀਆਂ ਘਟਨਾਵਾਂ ਅਤੇ ਅੱਗ ਦੀ ਘਟਨਾ ਵਿੱਚ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ।










