ਬਿਹਾਰ : ਰਾਜਗੀਰ ਵਿੱਚ ਆਰਡੀਨੈਂਸ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਈਮੇਲ ਭੇਜ ਕੇ ਫੈਕਟਰੀ ਅਤੇ ਦਫ਼ਤਰ ਵਿੱਚ ਸੱਤ ਤਾਕਤਵਰ ਬੰਬ ਰੱਖਣ ਅਤੇ ਧਮਾਕੇ ਕਰਨ ਦਾ ਦਾਅਵਾ ਕੀਤਾ ਗਿਆ ਹੈ। ਧਮਕੀ ਭਰਿਆ ਈਮੇਲ ਤਾਮਿਲਨਾਡੂ ਤੋਂ ਭੇਜਿਆ ਗਿਆ ਹੈ। ਈਮੇਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੇ ਨਾਲ ਸਥਾਨਕ ਪੁਲਿਸ ਵੀ ਸੁਚੇਤ ਹੋ ਗਈ ਹੈ। ਫੈਕਟਰੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। DSP ਸੁਨੀਲ ਕੁਮਾਰ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੰਦੇਸ਼ ਵਿੱਚ ਭੜਕਾਊ ਅਤੇ ਗੰਭੀਰ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਕੇਂਦਰੀ ਅਤੇ ਰਾਜ ਦੀਆਂ ਜਾਂਚ ਏਜੰਸੀਆਂ, ਰੱਖਿਆ ਮੰਤਰਾਲਾ ਅਤੇ ਜਿਲ੍ਹਾ ਪਰਸ਼ਾਸਨ ਮਿਲ ਕੇ ਇਸਦੀ ਜਾਂਚ ਕਰ ਰਹੇ ਹਨ। ਸਾਈਬਰ ਸੈੱਲ ਨੂੰ ਇਸ ਈਮੇਲ ਦੀ ਜਾਂਚ ਕਰਨ ਦਾ ਜ਼ਿੰਮਾ ਦਿੱਤਾ ਗਿਆ ਹੈ।
ਆਈ.ਐਸ.ਆਈ. ਤੇ ਤਾਮਿਲਨਾਡੂ ਦਾ ਹੈ ਜ਼ਿਕਰ
ਡੀਐਸਪੀ ਨੇ ਕਿਹਾ ਕਿ ਈਮੇਲ ਵਿੱਚ ਪਾਕਿਸਤਾਨ ਦੀ ਆਈਐਸਆਈ ਅਤੇ ਤਾਮਿਲਨਾਡੂ ਦੇ ਡੀਐਮਕੇ ਦਾ ਜ਼ਿਕਰ ਕੀਤਾ ਗਿਆ ਹੈ। ਚੇਨਈ ਵਿੱਚ ਇੱਕ ਧਾਰਮਿਕ ਥਾਂ ਨਾਲ ਜੁੜੇ ਵਿਵਾਦ ਦਾ ਵੀ ਜ਼ਿਕਰ ਹੈ। ਇਸਨੂੰ ਲੈ ਕੇ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਈ ਗੈਰ-ਕਾਨੂੰਨੀ ਸੰਗਠਨਾਂ ਦਾ ਨਾਮ ਲੈਂਦੇ ਹੋਏ ਸੰਵੇਦਨਸ਼ੀਲ ਟਿੱਪਣੀ ਕੀਤੀ ਗਈ ਹੈ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ‘ਦਹਿਸ਼ਤ ਫੈਲਾਉਣ ਦੀ ਸਾਜ਼ਿਸ਼’ ਅਤੇ ‘ਸਾਮਪ੍ਰਦਾਇਕ ਤਣਾਅ ਵਧਾਉਣ ਦੀ ਕੋਸ਼ਿਸ਼’ ਮੰਨਿਆ ਹੈ।
ਪਹਿਲਾਂ ਵੀ ਮਿਲ ਚੁੱਕੀ ਹੈ ਧਮਕੀ
ਇਸ ਤਰ੍ਹਾਂ ਦੀ ਧਮਕੀ ਆਰਡੀਨੈਂਸ ਫੈਕਟਰੀ ਨੂੰ ਇੱਕ ਵਾਰ ਪਹਿਲਾਂ ਵੀ ਮਿਲ ਚੁੱਕੀ ਹੈ। ਸੂਤਰਾਂ ਦੇ ਅਨੁਸਾਰ, ਪਰਿਸਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਤਲਾਸ਼ੀ ਅਭਿਆਨ ਚਲਾਇਆ ਹੈ। ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਸਮਾਨ ਦੇ ਮਿਲਣ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਆਖਿਆ ਕਿ ਮੁਲਾਜ਼ਮਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਕਿਸੇ ਵੀ ਤਰ੍ਹਾਂ ਦੀ ਅਫਵਾਹ ਨੂੰ ਰੋਕਣ ਲਈ ਚੌਕਸੀ ਵਧਾ ਦਿੱਤੀ ਗਈ ਹੈ। ਨਾਲੰਦਾ ਪੁਲਿਸ ਨੇ ਇਸ ਮਾਮਲੇ ਨੂੰ ਸਾਈਬਰ ਸੈੱਲ, ਇੰਟੈਲੀਜੈਂਸ ਵਿੰਗ ਅਤੇ ਰਾਸ਼ਟਰੀ ਸੁਰੱਖਿਆ ਏਜੰਸੀਆਂ ਨਾਲ ਸਾਂਝਾ ਕੀਤਾ ਹੈ। ਡੀ.ਐੱਸ.ਪੀ. ਨੇ ਲੋਕਾਂ ਨੂੰ ਅਫਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਸ਼ਨਾਖਤ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।











