ਪਠਾਨਕੋਟ : ਪਠਾਨਕੋਟ ਅਤੇ ਸੁਜਾਨਪੁਰ ਵਿਚਕਾਰ ਟ੍ਰੈਫਿਕ ਦੀ ਵੱਡੀ ਸਮੱਸਿਆ ਦੇ ਹੱਲ ਲਈ ਰੇਲਵੇ ਕਰਾਸਿੰਗ ‘ਤੇ ਓਵਰਬ੍ਰਿਜ ਬਣਾਉਣ ਦਾ ਰਸਤਾ ਸਾਫ ਹੋ ਗਿਆ ਹੈ। ਕੇਂਦਰ ਸਰਕਾਰ ਇਸ ਪ੍ਰਾਜੈਕਟ ‘ਤੇ ਕਰੀਬ 52.36 ਕਰੋੜ ਰੁਪਏ ਖਰਚ ਕਰੇਗੀ। ਓਵਰਬ੍ਰਿਜ ਬਣਨ ਨਾਲ ਇਸ ਮਾਰਗ ‘ਤੇ ਰੋਜ਼ਾਨਾ ਆਉਣ-ਜਾਣ ਵਾਲੇ ਹਜ਼ਾਰਾਂ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਪਠਾਨਕੋਟ-ਸੁਜਾਨਪੁਰ ਰੋਡ ’ਤੇ ਸਥਿਤ ਰੇਲਵੇ ਕਰਾਸਿੰਗ ’ਤੇ ਫਾਟਕ ਬੰਦ ਹੋਣ ਕਾਰਨ ਅਕਸਰ ਲੰਮਾ ਜਾਮ ਲੱਗ ਜਾਂਦਾ ਹੈ। ਜਾਣਕਾਰੀ ਅਨੁਸਾਰ ਇਹ ਫਾਟਕ ਰੋਜ਼ਾਨਾ ਕਰੀਬ 70 ਤੋਂ 80 ਵਾਰ ਬੰਦ ਹੁੰਦਾ ਹੈ, ਜਿਸ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਖਾਸ ਕਰਕੇ ਦਫਤਰੀ ਸਮੇਂ ਅਤੇ ਸਕੂਲਾਂ ਦੀਆਂ ਛੁੱਟੀਆਂ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਮਰਜੈਂਸੀ ਸੇਵਾਵਾਂ ਨਾਲ ਜੁੜੇ ਵਾਹਨਾਂ ਨੂੰ ਵੀ ਕਈ ਵਾਰ ਟ੍ਰੈਫਿਕ ਜਾਮ ਵਿੱਚ ਫਸਣਾ ਪੈਂਦਾ ਹੈ।
ਓਵਰਬ੍ਰਿਜ ਬਣਨ ਨਾਲ ਰੇਲਵੇ ਕਰਾਸਿੰਗਾਂ ‘ਤੇ ਨਿਰਭਰਤਾ ਖਤਮ ਹੋ ਜਾਵੇਗੀ ਅਤੇ ਆਵਾਜਾਈ ਬਿਨਾਂ ਕਿਸੇ ਰੁਕਾਵਟ ਦੇ ਚੱਲੇਗੀ। ਸਥਾਨਕ ਲੋਕਾਂ ਨੇ ਇਸ ਪ੍ਰੋਜੈਕਟ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਲੰਬੇ ਸਮੇਂ ਤੋਂ ਚੱਲ ਰਹੀ ਟ੍ਰੈਫਿਕ ਸਮੱਸਿਆ ਦਾ ਸਥਾਈ ਹੱਲ ਹੋਵੇਗਾ। ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਓਵਰਬ੍ਰਿਜ ਦਾ ਕੰਮ ਜਲਦੀ ਸ਼ੁਰੂ ਕਰਕੇ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ।












