ਟਾਂਡਾ ਉੜਮੁੜ: ਪਿੰਡ ਦਬੁਰਜੀ ਵਿੱਚ ਚੋਰਾਂ ਨੇ ਇੱਕੋ ਸਮੇਂ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਅਤੇ ਸੋਨੇ ਦੇ ਗਹਿਣਿਆਂ ’ਤੇ ਹੱਥ ਸਾਫ਼ ਕਰ ਦਿੱਤਾ। ਘਟਨਾ ਸਬੰਧੀ ਟਾਂਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਹਿਲੀ ਚੋਰੀ 6 ਸਤੰਬਰ ਦੀ ਦੁਪਹਿਰ ਉਸ ਸਮੇਂ ਹੋਈ, ਜਦੋਂ ਜਗੀਰ ਸਿੰਘ ਪੁੱਤਰ ਦਲੀਪ ਸਿੰਘ ਆਪਣੀ ਪਤਨੀ ਮਨਜੀਤ ਕੌਰ ਨਾਲ ਆਪਣੀ ਬੇਟੀ ਡਾ. ਸੁਰਿੰਦਰ ਕੌਰ, ਪਤਨੀ ਡਾ. ਅਮਨਦੀਪ ਸਿੰਘ, ਨੂੰ ਮਿਲਣ ਲਈ ਪੁਡਾ ਕਲੋਨੀ, ਕਪੂਰਥਲਾ ਗਏ ਹੋਏ ਸਨ। ਜਦੋਂ ਉਹ ਵਾਪਸ ਘਰ ਪਰਤੇ ਤਾਂ ਉਨ੍ਹਾਂ ਨੂੰ ਚੋਰੀ ਹੋਣ ਦਾ ਪਤਾ ਲੱਗਾ।
ਜਗੀਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਚੋਰ ਘਰ ਵਿੱਚ ਦਾਖਲ ਹੋ ਕੇ ਪੇਟੀ ਵਿੱਚੋਂ ਸੋਨੇ ਦਾ ਕੜਾ, ਦੋ ਚੂੜੀਆਂ, ਟਾਪਸ, ਚੇਨ ਅਤੇ ਤਿੰਨ ਮੁੰਦਰੀਆਂ ਸਮੇਤ ਕਰੀਬ 55 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ।
ਇਸੇ ਦੌਰਾਨ ਚੋਰਾਂ ਨੇ ਜਗੀਰ ਸਿੰਘ ਦੇ ਨਾਲ ਲੱਗਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ। ਘਰ ਦੀ ਮਾਲਕਣ ਬਲਵਿੰਦਰ ਕੌਰ ਆਪਣੇ ਪਤੀ ਲਖਵਿੰਦਰ ਸਿੰਘ ਨਾਲ ਆਪਣੀ ਬੇਟੀ ਨੂੰ ਮਿਲਣ ਲਈ ਘੋੜੇਚੱਕ ਗਈ ਹੋਈ ਸੀ, ਜਦਕਿ ਉਸ ਦੀ ਨੂੰਹ ਪਿੰਡ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਈ ਹੋਈ ਸੀ।
ਘਰ ਸੁੰਨਸਾਨ ਮਿਲਣ ’ਤੇ ਚੋਰ ਅੰਦਰ ਦਾਖਲ ਹੋਏ ਅਤੇ ਅਲਮਾਰੀ ਵਿੱਚੋਂ ਸੋਨੇ ਦੀ ਚੇਨ, ਕੜਾ ਅਤੇ ਦੋ ਮੁੰਦਰੀਆਂ ਚੋਰੀ ਕਰ ਲਈਆਂ। ਇਸ ਤੋਂ ਇਲਾਵਾ ਚੋਰ 26 ਹਜ਼ਾਰ ਰੁਪਏ ਦੀ ਨਕਦੀ ਅਤੇ 500 ਅਮਰੀਕੀ ਡਾਲਰ ਵੀ ਆਪਣੇ ਨਾਲ ਲੈ ਗਏ।
ਇੱਕੋ ਇਲਾਕੇ ਵਿੱਚ ਦੋ ਘਰਾਂ ਵਿੱਚ ਹੋਈ ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਚੋਰਾਂ ਦੀ ਪਛਾਣ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।












