ਮੁੰਬਈ : ਹਿੰਦੁਸਤਾਨ ਵਿੱਚ ਕ੍ਰਾਈਮ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਰੋਜ਼ ਕੋਈ ਨਾ ਕੋਈ ਖ਼ਬਰ ਸੁਣਨ ਨੂੰ ਮਿਲ ਹੀ ਜਾਂਦੀ ਹੈ। ਅੱਜ ਇਕ ਖ਼ਬਰ ਸਾਹਮਣੇ ਆਈ ਹੈ ਕਿ ਚੋਰਾਂ ਨੇ ਮਸ਼ਹੂਰ ਅਦਾਕਾਰਾ ਸੰਗੀਤਾ ਬਿਜਲਾਨੀ ਦਾ ਫਾਰਮ ਹਾਊਸ ਵੀ ਨਹੀਂ ਛੱਡਿਆ। ਉੱਥੇ ਵੀ ਚੋਰਾਂ ਨੇ ਚੋਰੀ ਕਰਕੇ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਪੁਣੇ ਸਥਿਤ ਮਸ਼ਹੂਰ ਬਾਲੀਵੁੱਡ ਅਦਾਕਾਰਾ ਸੰਗੀਤਾ ਬਿਜਲਾਨੀ ਦੇ ਫਾਰਮ ਹਾਊਸ ’ਤੇ ਚੋਰੀ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਲੋਨਾਵਾਲਾ ਨੇੜੇ ਪਵਨ ਮਾਵਲ ਇਲਾਕੇ ਵਿੱਚ ਸਥਿਤ ਇਸ ਫਾਰਮ ਹਾਊਸ ਵਿੱਚ ਚੋਰਾਂ ਨੇ ਨਾ ਸਿਰਫ਼ ਭੰਨਤੋੜ ਕੀਤੀ, ਸਗੋਂ ਕਈ ਕੀਮਤੀ ਘਰੇਲੂ ਸਾਮਾਨ ਵੀ ਚੋਰੀ ਕਰ ਲਿਆ। ਅਦਾਕਾਰਾ ਨੇ ਇਸ ਘਟਨਾ ਬਾਰੇ ਲੋਨਾਵਾਲਾ ਦਿਹਾਤੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਸਮੇਂ ਫਾਰਮ ਹਾਊਸ ਖਾਲੀ ਸੀ : ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਜਦੋਂ ਇਹ ਚੋਰੀ ਹੋਈ, ਤਾਂ ਨਾ ਤਾਂ ਸੰਗੀਤਾ ਅਤੇ ਨਾ ਹੀ ਕੋਈ ਨੌਕਰ ਫਾਰਮ ਹਾਊਸ ’ਤੇ ਮੌਜੂਦ ਸੀ। ਉਹ ਪਿਛਲੇ ਕੁੱਝ ਦਿਨਾਂ ਤੋਂ ਫਾਰਮ ਹਾਊਸ ਨਹੀਂ ਗਈ ਸੀ। ਹਾਲ ਹੀ ਵਿੱਚ, ਜਦੋਂ ਉਹ ਆਪਣੇ ਦੋ ਘਰੇਲੂ ਨੌਕਰਾਂ ਨਾਲ ਉੱਥੇ ਪਹੁੰਚੀ, ਤਾਂ ਉਹ ਘਰ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਈ।
ਸੰਗੀਤਾ ਬਿਜਲਾਨੀ ਦੀ ਸ਼ਿਕਾਇਤ ਵਿੱਚ ਕੀ ਕਿਹਾ ਗਿਆ ਸੀ : ਸ਼ਿਕਾਇਤ ਵਿੱਚ ਸੰਗੀਤਾ ਨੇ ਦੱਸਿਆ ਕਿ, ‘ਫਾਰਮ ਹਾਊਸ ਦਾ ਮੁੱਖ ਗੇਟ ਅਤੇ ਖਿੜਕੀਆਂ ਦੀ ਗਰਿੱਲ ਟੁੱਟੀ ਹੋਈ ਸੀ। ਜਦੋਂ ਅਸੀਂ ਅੰਦਰ ਗਏ ਤਾਂ ਇੱਕ ਟੀਵੀ, ਫਰਿੱਜ, ਬਿਸਤਰਾ ਅਤੇ ਹੋਰ ਬਹੁਤ ਸਾਰੀਆਂ ਘਰੇਲੂ ਕੀਮਤੀ ਚੀਜ਼ਾਂ ਗਾਇਬ ਸਨ। ਇੰਨਾ ਹੀ ਨਹੀਂ, ਸੀ.ਸੀ. ਟੀਵੀ ਕੈਮਰੇ ਵੀ ਟੁੱਟੇ ਹੋਏ ਸਨ।’ ਸੰਗੀਤਾ ਨੇ ਇਹ ਵੀ ਕਿਹਾ ਕਿ ਉਹ ਆਪਣੇ ਪਿਤਾ ਦੀ ਸਿਹਤ ਠੀਕ ਨਾ ਹੋਣ ਕਾਰਨ ਫਾਰਮ ਹਾਊਸ ਨਹੀਂ ਆ ਸਕੀ ਅਤੇ ਇਸ ਦੌਰਾਨ ਚੋਰਾਂ ਨੇ ਇਹ ਅਪਰਾਧ ਕੀਤਾ। ਪੁਣੇ ਦਿਹਾਤੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੌਕੇ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਚੋਰਾਂ ਦੀ ਭਾਲ ਸੀ.ਸੀ. ਟੀਵੀ ਫੁਟੇਜ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਪੁੱਛ-ਗਿੱਛ ਰਾਹੀਂ ਕੀਤੀ ਜਾ ਰਹੀ ਹੈ।
16 ਸਾਲ ਦੀ ਉਮਰ ਵਿੱਚ ਮਾਡਲ ਬਣੀ : ਸੰਗੀਤਾ ਬਿਜਲਾਨੀ ਨੇ ਸਿਰਫ਼ 16 ਸਾਲ ਦੀ ਉਮਰ ਵਿੱਚ ਮਾਡਲਿੰਗ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। 1980 ਵਿੱਚ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ, ਉਸ ਨੇ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ ਅਤੇ ‘ਤ੍ਰਿਦੇਵ’, ‘ਵਿਸ਼ਨੂੰ ਦੇਵਾ’, ‘ਹਥਿਆਰ’, ‘ਯੋਧਾ’, ‘ਇਜ਼ਤ’ ਅਤੇ ‘ਯੁਗੰਧਰ’ ਵਰਗੀਆਂ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ। ਉਹ 80 ਅਤੇ 90 ਦੇ ਦਹਾਕੇ ਵਿੱਚ ਬਾਲੀਵੁੱਡ ਦੀਆਂ ਮੋਹਰੀ ਅਭਿਨੇਤਰੀਆਂ ਵਿੱਚੋਂ ਇੱਕ ਸੀ।
