ਲੁਧਿਆਣਾ: ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਨੇ ਨਿਯਮਾਂ ਦੀ ਪਾਲਣਾ ‘ਚ ਲਾਪਰਵਾਹੀ ਵਰਤਣ ਵਾਲੇ ਸਕੂਲਾਂ ਅਤੇ ਬੱਸ ਚਾਲਕਾਂ ਖ਼ਿਲਾਫ਼ ਸਖਤ ਰੁਖ ਅਪਣਾਇਆ ਹੈ । ਸ਼ੁੱਕਰਵਾਰ ਨੂੰ ਆਰ.ਟੀ.ਓ. ਦੀ ਟੀਮ ਨੇ ਸਿਵਲ ਲਾਈਨ ਖੇਤਰ ਵਿੱਚ ਵਿਸ਼ੇਸ਼ ਨਿਰੀਖਣ ਮੁਹਿੰਮ ਚਲਾਈ ਅਤੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਜਾਂਚ ਕੀਤੀ।
ਇਸ ਦੌਰਾਨ 30 ਦੇ ਕਰੀਬ ਸਕੂਲੀ ਬੱਸਾਂ ਦੇ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਪਾਏ ਜਾਣ ‘ਤੇ ਮੌਕੇ ‘ਤੇ ਹੀ ਚਲਾਨ ਕੱਟੇ ਗਏ। ਜਾਂਚ ਵਿੱਚ ਸਾਹਮਣੇ ਆਇਆ ਕਿ ਕਈ ਬੱਸਾਂ ਦੇ ਡਰਾਈਵਰ ਨਿਰਧਾਰਿਤ ਵਰਦੀ ਤੋਂ ਬਿਨਾਂ ਗੱਡੀ ਚਲਾ ਰਹੇ ਸਨ, ਜਦਕਿ ਕਈ ਬੱਸਾਂ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਜ਼ਰੂਰੀ ਲੇਡੀ ਹੈਲਪਰ ਨਹੀਂ ਸਨ। ਇਸ ਨੂੰ ਗੰਭੀਰ ਲਾਪ੍ਰਵਾਹੀ ਮੰਨਦਿਆਂ ਟਰਾਂਸਪੋਰਟ ਵਿਭਾਗ ਨੇ ਸਬੰਧਤ ਸਕੂਲ ਪ੍ਰਬੰਧਕਾਂ ਅਤੇ ਬੱਸ ਅਪਰੇਟਰਾਂ ਖ਼ਿਲਾਫ਼ ਕਾਰਵਾਈ ਕੀਤੀ।
ਆਰ.ਟੀ.ਓ. ਮਨਕੰਵਲ ਸਿੰਘ ਚਾਹਲ ਨੇ ਦੱਸਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਪਿਛਲੇ 23 ਦਿਨਾਂ ਤੋਂ ਪੂਰੇ ਸ਼ਹਿਰ ਵਿੱਚ ਲਗਾਤਾਰ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਹੁਣ ਤੱਕ 33 ਲੱਖ ਰੁਪਏ ਤੋਂ ਵੱਧ ਦੇ ਚਲਾਨ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਸੜਕ ‘ਤੇ ਚੱਲਣ ਵਾਲੀਆਂ ਪ੍ਰਾਈਵੇਟ ਅਤੇ ਕਮਰਸ਼ੀਅਲ ਬੱਸਾਂ ਦੇ ਜੀ.ਟੀ. ਦਸਤਾਵੇਜ਼ਾਂ ਦੀ ਵੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।
ਆਰ.ਟੀ.ਓ. ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਕੇ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਕੂਲੀ ਬੱਸਾਂ ਦੇ ਸਾਰੇ ਜ਼ਰੂਰੀ ਦਸਤਾਵੇਜ਼ ਹਰ ਸਮੇਂ ਅੱਪਡੇਟ ਕੀਤੇ ਜਾਣ। ਇਸ ਤੋਂ ਇਲਾਵਾ ਹਰ ਬੱਸ ਵਿੱਚ ਇੱਕ ਸਿੱਖਿਅਤ ਮਹਿਲਾ ਹੈਲਪਰ ਅਤੇ ਡਰਾਈਵਰ ਦਾ ਨਿਰਧਾਰਤ ਵਰਦੀ ਵਿੱਚ ਹੋਣਾ ਲਾਜ਼ਮੀ ਹੈ। ਬੱਚਿਆਂ ਦੀ ਸੁਰੱਖਿਆ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਚੇਤਾਵਨੀ ਦਿੱਤੀ ਕਿ ਇਸ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।












