Homeਖੇਡਾਂਜਲੰਧਰ ਤੋਂ ਮੋਹਾਲੀ ਤੱਕ ਗੂੰਜੇਗੀ ਹਾਕੀ ਦੀ ਗੂੰਜ, ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ...

ਜਲੰਧਰ ਤੋਂ ਮੋਹਾਲੀ ਤੱਕ ਗੂੰਜੇਗੀ ਹਾਕੀ ਦੀ ਗੂੰਜ, ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਸ਼ੈਡਿਊਲ ਜਾਰੀ…

ਚੰਡੀਗੜ੍ਹ: ਪੰਜਾਬ ਵਿੱਚ ਹਾਕੀ ਪ੍ਰੇਮੀਆਂ ਲਈ ਵੱਡਾ ਕੌਮਾਂਤਰੀ ਟੂਰਨਾਮੈਂਟ ਹੋਣ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦਾ ਐਲਾਨ ਕਰਦਿਆਂ ਟੂਰਨਾਮੈਂਟ ਦਾ ਸ਼ੈਡਿਊਲ ਅਤੇ ਲੋਗੋ ਜਾਰੀ ਕੀਤਾ ਹੈ।

ਜਾਣਕਾਰੀ ਮੁਤਾਬਕ ਟੂਰਨਾਮੈਂਟ ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧਰ ਤੋਂ ਹੋਵੇਗੀ, ਜਦਕਿ ਇਸ ਦਾ ਫਾਈਨਲ ਮੁਕਾਬਲਾ 5 ਨਵੰਬਰ ਨੂੰ ਮੋਹਾਲੀ ਵਿੱਚ ਖੇਡਿਆ ਜਾਵੇਗਾ। ਇਸ ਵੱਡੇ ਟੂਰਨਾਮੈਂਟ ਵਿੱਚ ਭਾਰਤ ਸਮੇਤ ਪਾਕਿਸਤਾਨ, ਜਾਪਾਨ, ਮਲੇਸ਼ੀਆ, ਚੀਨ ਅਤੇ ਕੋਰੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਓਮਾਨ ਅਤੇ ਬੰਗਲਾਦੇਸ਼ ਨੂੰ ਰਾਖਵੀਆਂ ਟੀਮਾਂ ਵਜੋਂ ਰੱਖਿਆ ਗਿਆ ਹੈ।

ਦਰਸ਼ਕਾਂ ਲਈ ਮੁਫ਼ਤ ਹੋਵੇਗੀ ਐਂਟਰੀ

ਸੂਬਾ ਸਰਕਾਰ ਵੱਲੋਂ ਟੂਰਨਾਮੈਂਟ ਦੇ ਆਯੋਜਨ ਲਈ 25.40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਟੂਰਨਾਮੈਂਟ ਦੇ ਸਾਰੇ ਮੈਚਾਂ ਦੌਰਾਨ ਦਰਸ਼ਕਾਂ ਲਈ ਦਾਖਲਾ ਮੁਫ਼ਤ ਰੱਖਿਆ ਜਾਵੇਗਾ। ਸਰਕਾਰ ਵੱਲੋਂ ਖਿਡਾਰੀਆਂ, ਦਰਸ਼ਕਾਂ ਅਤੇ ਪ੍ਰਬੰਧਾਂ ਨਾਲ ਸਬੰਧਤ ਸਾਰੀਆਂ ਲੋੜੀਂਦੀਆਂ ਤਿਆਰੀਆਂ ਯਕੀਨੀ ਬਣਾਉਣ ਦੀ ਗੱਲ ਕਹੀ ਗਈ ਹੈ। ਇਸ ਮੌਕੇ ਟੂਰਨਾਮੈਂਟ ਦਾ ਲੋਗੋ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਹਾਕੀ ਇੰਡੀਆ ਦੇ ਖਿਡਾਰੀਆਂ ਨੇ ਵੀ ਸ਼ਮੂਲੀਅਤ ਕੀਤੀ।

ਖਿਡਾਰੀਆਂ ਨੂੰ ਦਿਖਾਇਆ ਜਾਵੇਗਾ ਪੰਜਾਬ ਦਾ ਖੇਡ ਤੇ ਸੱਭਿਆਚਾਰਕ ਵਿਰਸਾ

ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪੰਜਾਬ ਪਹੁੰਚਣ ਵਾਲੇ ਕੌਮਾਂਤਰੀ ਖਿਡਾਰੀਆਂ ਨੂੰ ਸਿਰਫ਼ ਹਾਕੀ ਦੇ ਮੈਦਾਨਾਂ ਤੱਕ ਹੀ ਸੀਮਤ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਨੂੰ ਪੰਜਾਬ ਦੇ ਖੇਡ ਉਦਯੋਗ ਨਾਲ ਵੀ ਜਾਣੂ ਕਰਵਾਉਣ ਦੀ ਯੋਜਨਾ ਹੈ।

ਖਿਡਾਰੀਆਂ ਨੂੰ ਹਾਕੀ ਮੈਦਾਨਾਂ ਦੇ ਨਾਲ-ਨਾਲ ਖੇਡਾਂ ਦਾ ਸਮਾਨ ਤਿਆਰ ਕਰਨ ਵਾਲੀਆਂ ਇਕਾਈਆਂ ਦਾ ਦੌਰਾ ਵੀ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਦੇ ਰਵਾਇਤੀ ਪਕਵਾਨਾਂ ਦਾ ਸੁਆਦ ਚਖਾਉਣ ਦੀ ਵੀ ਯੋਜਨਾ ਹੈ, ਜਿਸ ਵਿੱਚ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਸ ਤੌਰ ‘ਤੇ ਸ਼ਾਮਲ ਹਨ।

ਇਸ ਤੋਂ ਇਲਾਵਾ ਖਿਡਾਰੀਆਂ ਨੂੰ ਅੰਮ੍ਰਿਤਸਰ, ਵਾਹਗਾ ਬਾਰਡਰ ਅਤੇ ਜਲ੍ਹਿਆਂਵਾਲਾ ਬਾਗ ਵਰਗੇ ਪ੍ਰਮੁੱਖ ਸਥਾਨਾਂ ਦੀ ਸੈਰ ਕਰਵਾਉਣ ਦੀ ਵੀ ਯੋਜਨਾ ਬਣਾਈ ਗਈ ਹੈ, ਤਾਂ ਜੋ ਉਹ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਨੇੜਿਓਂ ਜਾਣ ਸਕਣ।

ਮੈਚਾਂ ਦੇ ਨਾਲ ਹੋਣਗੇ ਸੱਭਿਆਚਾਰਕ ਪ੍ਰੋਗਰਾਮ

ਟੂਰਨਾਮੈਂਟ ਦੌਰਾਨ ਬੱਚਿਆਂ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਹਰ ਮੈਚ ਦੇ ਨਾਲ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਹੈ। ਇਸ ਦੌਰਾਨ ਹਾਕੀ ਦੇ ਤਜਰਬੇਕਾਰ ਅਤੇ ਦਿੱਗਜ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

ਸਰਕਾਰ ਵੱਲੋਂ ਪੰਜਾਬ ਵਿੱਚ ਜੂਨੀਅਰ ਅਤੇ ਸੀਨੀਅਰ ਹਾਕੀ ਲੀਗਾਂ ਕਰਵਾਉਣ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਹੁਣ ਹਾਕੀ ਇੰਡੀਆ ਲੀਗ ਵਿੱਚ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਦੀਆਂ ਆਪਣੀਆਂ ਟੀਮਾਂ ਉਤਾਰਨ ਦੀ ਤਿਆਰੀ ਕਰ ਰਿਹਾ ਹੈ।

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕੌਮਾਂਤਰੀ ਟੂਰਨਾਮੈਂਟਾਂ ਰਾਹੀਂ ਸੂਬੇ ਵਿੱਚ ਹਾਕੀ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਵੀ ਮਦਦ ਮਿਲੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments