Homeਪੰਜਾਬਛੇ ਸਾਲਾਂ ਬਾਅਦ ਅਕਾਲੀ-ਭਾਜਪਾ ਗੱਠਜੋੜ ਦੀ ਮੁੜ ਵਾਪਸੀ ਨੇ ਭਖਾਈ ਪੰਜਾਬ ਦੀ...

ਛੇ ਸਾਲਾਂ ਬਾਅਦ ਅਕਾਲੀ-ਭਾਜਪਾ ਗੱਠਜੋੜ ਦੀ ਮੁੜ ਵਾਪਸੀ ਨੇ ਭਖਾਈ ਪੰਜਾਬ ਦੀ ਸਿਆਸਤ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੇ ਤੇ ਇਤਿਹਾਸਕ ਮੋੜ ਤਹਿਤ ਛੇ ਸਾਲਾਂ ਦੇ ਲੰਬੇ ਵਕਫ਼ੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਦੇ ਰਸਮੀ ਐਲਾਨ ਨੇ ਸੂਬੇ ਦੇ ਸਮੁੱਚੇ ਚੋਣ ਸਮੀਕਰਨ ਬਦਲ ਦਿੱਤੇ ਹਨ। ਬੀਤੇ ਦਿਨੀਂ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਾਂਝੀ ਮੌਜੂਦਗੀ ਵਿੱਚ ਹੋਏ ਇਸ ਸਮਝੌਤੇ ਨਾਲ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਜਿੱਤ-ਹਾਰ ਦਾ ਗਣਿਤ ਨਵੇਂ ਸਿਰੇ ਤੋਂ ਵਿਚਾਰਿਆ ਜਾਣ ਲੱਗਾ ਹੈ।

ਸਿਆਸੀ ਮਾਹਿਰਾਂ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿਧਾਨ ਸਭਾ ਹਲਕਾਵਾਰ ਅੰਕੜਿਆਂ ਦੇ ਕੀਤੇ ਗਏ ਤਾਜ਼ਾ ਵਿਸ਼ਲੇਸ਼ਣ ਨੇ ਹੈਰਾਨੀਜਨਕ ਤੱਥ ਸਾਹਮਣੇ ਲਿਆਂਦੇ ਹਨ। ਭਾਵੇਂ 2024 ਵਿੱਚ ਦੋਵਾਂ ਪਾਰਟੀਆਂ ਨੇ ਵੱਖੋ-ਵੱਖਰੇ ਤੌਰ ‘ਤੇ ਚੋਣ ਲੜਦਿਆਂ ਭਾਜਪਾ ਨੇ 23 ਅਤੇ ਅਕਾਲੀ ਦਲ ਨੇ 9 ਵਿਧਾਨ ਸਭਾ ਹਲਕਿਆਂ ਵਿੱਚ ਲੀਡ ਹਾਸਲ ਕੀਤੀ ਸੀ, ਪਰ ਜੇਕਰ ਦੋਵਾਂ ਦੀਆਂ ਵੋਟਾਂ ਨੂੰ ਹਲਕਾਵਾਰ ਜੋੜਿਆ ਜਾਵੇ ਤਾਂ ਇਹ ਗਿਣਤੀ ਸਿੱਧੀ 58 ਸੀਟਾਂ ਤੱਕ ਪਹੁੰਚ ਜਾਂਦੀ ਹੈ, ਜੋ 59 ਸੀਟਾਂ ਦੇ ਬਹੁਮਤ ਦੇ ਅੰਕੜੇ ਤੋਂ ਮਹਿਜ਼ ਇੱਕ ਕਦਮ ਦੂਰ ਹੈ। ਅੰਕੜਿਆਂ ਮੁਤਾਬਕ ਸਾਂਝੀਆਂ ਵੋਟਾਂ ਸਦਕਾ 26 ਹੋਰ ਹਲਕਿਆਂ ਵਿੱਚ ਗੱਠਜੋੜ ਨੂੰ ਸਿੱਧੀ ਬੜ੍ਹਤ ਮਿਲਦੀ ਦਿਖਾਈ ਦੇ ਰਹੀ ਹੈ, ਜਿਸ ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ 12-12 ਹਲਕਿਆਂ ਸਮੇਤ 2 ਆਜ਼ਾਦ ਉਮੀਦਵਾਰਾਂ ਦੇ ਗੜ੍ਹ ਪ੍ਰਭਾਵਿਤ ਹੋ ਸਕਦੇ ਹਨ।

ਇਸ ਮੁੜ-ਮੇਲ ਨਾਲ ਸ਼ਹਿਰੀ ਖੇਤਰਾਂ ਜਿਵੇਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਪਠਾਨਕੋਟ ਵਿੱਚ ਭਾਜਪਾ ਨੂੰ ਅਕਾਲੀ ਦਲ ਦੇ ਪੇਂਡੂ ਵੋਟ ਬੈਂਕ ਦਾ ਸਿੱਧਾ ਲਾਭ ਮਿਲੇਗਾ, ਜਦਕਿ ਅਕਾਲੀ ਦਲ ਨੂੰ ਸ਼ਹਿਰੀ ਹਿੰਦੂ ਵੋਟਰਾਂ ਦਾ ਸਹਾਰਾ ਮਿਲੇਗਾ। ਖ਼ਾਸ ਤੌਰ ‘ਤੇ ਜਲਾਲਾਬਾਦ (17,319 ਵੋਟਾਂ), ਮੁਕਤਸਰ (14,896 ਵੋਟਾਂ) ਅਤੇ ਖਰੜ (11,423 ਵੋਟਾਂ) ਵਰਗੇ ਹਲਕਿਆਂ ਵਿੱਚ ਵੱਡੀ ਲੀਡ ਬਣਨ ਦੀ ਸੰਭਾਵਨਾ ਹੈ। ਹਾਲਾਂਕਿ, ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸੀ ਆਗੂਆਂ ਵੱਲੋਂ ਇਸ ਗੱਠਜੋੜ ‘ਤੇ ਤਿੱਖੇ ਸਵਾਲ ਚੁੱਕੇ ਜਾ ਰਹੇ ਹਨ, ਪਰ ਨਸ਼ਿਆਂ ਦੇ ਖ਼ਾਤਮੇ ਅਤੇ ‘ਡਬਲ ਇੰਜਣ’ ਵਿਕਾਸ ਦੇ ਏਜੰਡੇ ਨਾਲ ਉਤਰੇ ਇਸ ਪੁਰਾਣੇ ਗੱਠਜੋੜ ਨੇ ਮਾਲਵਾ ਤੇ ਦੁਆਬਾ ਖੇਤਰ ਦੀ ਸਿਆਸਤ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments