ਜਲੰਧਰ : ਪੰਜਾਬ ਸਰਕਾਰ ਨੇ ਸ਼ਰਧਾਲੂਆਂ ਅਤੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਜਲੰਧਰ ਤੋਂ ਕਟੜਾ ਦੇ ਲਈ ਨਵੀਂ ਵੋਲਵੋ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਇਹ ਬੱਸ ਜਲੰਧਰ ਤੋਂ ਹਰ ਰੋਜ਼ ਸਵੇਰੇ 9:15 ਵਜੇ ਚੱਲੇਗੀ ਅਤੇ ਸ਼ਾਮ 5:00 ਵਜੇ ਕਟੜਾ ਪਹੁੰਚੇਗੀ।
ਲੰਬੇ ਸਮੇਂ ਤੋਂ, ਜਲੰਧਰ ਤੋਂ ਕਟੜਾ ਜਾਣ ਵਾਲੇ ਯਾਤਰੀਆਂ ਨੂੰ ਸਿੱਧੀ ਅਤੇ ਆਰਾਮਦਾਇਕ ਬੱਸ ਸੇਵਾ ਦੀ ਘਾਟ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਯਾਤਰੀਆਂ ਦੀ ਇਸ ਮੰਗ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਨੇ ਇਹ ਪਹਿਲ ਕੀਤੀ ਹੈ। ਨਵੀਂ ਵੋਲਵੋ ਬੱਸ ਸੇਵਾ ਦੀ ਸ਼ੁਰੂਆਤ ਨਾਲ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੇ ਨਾਲ-ਨਾਲ ਹੋਰ ਯਾਤਰੀਆਂ ਨੂੰ ਵੀ ਰਾਹਤ ਮਿਲੇਗੀ। ਇਸ ਸੇਵਾ ਦਾ ਕਿਰਾਇਆ 945 ਰੁਪਏ ਰੱਖਿਆ ਗਿਆ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਨਵੀਂ ਸਹੂਲਤ ਨਾਲ ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਲਾਭ ਮਿਲੇਗਾ।
ਜਲੰਧਰ ਬੱਸ ਸਟੈਂਡ ਦੇ ਜੀਐਮ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਯਾਤਰੀਆਂ ਦੀ ਮੰਗ ਸੀ ਕਿ ਜਲੰਧਰ ਤੋਂ ਕਟੜਾ ਜਾਣ ਦੇ ਲਈ ਵੋਲਵੋ ਬੱਸ ਚਲਾਈ ਜਾਵੇ, ਇਸ ਦੇ ਮੱਦੇਨਜ਼ਰ, ਪੰਜਾਬ ਸਰਕਾਰ ਵੱਲੋਂ ਇਹ ਸੁਵਿਧਾ ਯਾਤਰੀਆਂ ਦੇ ਲਈ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਬੱਸ ਹਰ ਰੋਜ਼ ਸਵੇਰੇ 9:15 ਵਜੇ ਜਲੰਧਰ ਤੋਂ ਕਟੜਾ ਮਾਤਾ ਵੈਸ਼ਨੋ ਦੇਵੀ ਲਈ ਰਵਾਨਾ ਹੋਵੇਗੀ, ਜਿਸਦਾ ਕਿਰਾਇਆ 945 ਰੁਪਏ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਚੰਗਾ ਹੁੰਗਾਰਾ ਮਿਲਦਾ ਹੈ, ਤਾਂ ਪੰਜਾਬ ਸਰਕਾਰ ਵੱਲੋਂ ਹੋਰ ਬੱਸਾਂ ਵੀ ਚਲਾਈਆਂ ਜਾਣਗੀਆਂ।












