Home ਦੇਸ਼ ਪ੍ਰਧਾਨ ਮੰਤਰੀ ਨੇ ਮਹਿਲਾ ਤੇ ਬਾਲ ਵਿਕਾਸ ‘ਤੇ ਰਾਸ਼ਟਰੀ ਵਿਭਾਗੀ ਸਿਖਰ ਸੰਮੇਲਨ...

ਪ੍ਰਧਾਨ ਮੰਤਰੀ ਨੇ ਮਹਿਲਾ ਤੇ ਬਾਲ ਵਿਕਾਸ ‘ਤੇ ਰਾਸ਼ਟਰੀ ਵਿਭਾਗੀ ਸਿਖਰ ਸੰਮੇਲਨ ਦੇ ਸਮਾਪਤੀ ਸੈਸ਼ਨ ਦੀ ਕੀਤੀ ਪ੍ਰਧਾਨਗੀ

0

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਦੇ ਸੁਸ਼ਮਾ ਸਵਰਾਜ ਭਵਨ ਵਿੱਚ ਮਹਿਲਾ ਅਤੇ ਬਾਲ ਵਿਕਾਸ ‘ਤੇ ਆਯੋਜਿਤ ਦੋ ਦਿਨਾਂ ਰਾਸ਼ਟਰੀ ਵਿਭਾਗੀ ਸਿਖਰ ਸੰਮੇਲਨ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ।

ਪ੍ਰਧਾਨ ਮੰਤਰੀ ਦੀ ਸੋਚ ਅਨੁਸਾਰ ਆਯੋਜਿਤ ਵਿਭਾਗੀ ਸਿਖਰ ਸੰਮੇਲਨਾਂ ਦੀ ਲੜੀ ਦਾ ਹਿੱਸਾ ਰਹੇ ਇਸ ਸੰਮੇਲਨ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰੀ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਇਸ ਵਿੱਚ ਪੋਸ਼ਣ ਅਤੇ ਬਚਪਨ ਦੀ ਦੇਖਭਾਲ, ਬੱਚਿਆਂ ਦੀ ਸੁਰੱਖਿਆ, ਮਹਿਲਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਅਤੇ ਬਿਹਤਰ ਤਾਲਮੇਲ ਰਾਹੀਂ ਸੇਵਾਵਾਂ ਦੀ ਪਹੁੰਚ ਨੂੰ ਮਜ਼ਬੂਤ ​​ਕਰਨ ਵਰਗੇ ਵਿਸ਼ਿਆਂ ‘ਤੇ ਡੂੰਘੀ ਚਰਚਾ ਕੀਤੀ ਗਈ।

ਪ੍ਰਧਾਨ ਮੰਤਰੀ ਨੇ ਡੂੰਘੀ ਚਰਚਾ ਦੀ ਸ਼ਲਾਘਾ ਕੀਤੀ ਅਤੇ ਕੇਂਦਰ ਤੇ ਰਾਜਾਂ ਵਿਚਕਾਰ ਮਿਲ ਕੇ ਫ਼ੈਸਲੇ ਲੈਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਰਾਜ ਜ਼ਿਲ੍ਹਾ ਪੱਧਰ ਅਤੇ ਨਗਰ ਪਾਲਿਕਾ ਤੇ ਮਹਾਨਗਰ ਪਾਲਿਕਾ ਪੱਧਰ ‘ਤੇ ਇਸੇ ਤਰ੍ਹਾਂ ਦੇ ‘ਚਿੰਤਨ ਸ਼ਿਵਿਰ’ ਆਯੋਜਿਤ ਕਰਕੇ ਇਸ ਮਾਡਲ ਨੂੰ ਅੱਗੇ ਵਧਾ ਸਕਦੇ ਹਨ। ਉਨ੍ਹਾਂ ਆਂਗਣਵਾੜੀ ਵਰਕਰਾਂ ਲਈ ਵੀ ਵਿਸ਼ੇਸ਼ ‘ਚਿੰਤਨ ਸ਼ਿਵਿਰ’ ਆਯੋਜਿਤ ਕਰਨ ਦਾ ਸੁਝਾਅ ਦਿੱਤਾ, ਤਾਂ ਜੋ ਉਹ ਜ਼ਮੀਨੀ ਪੱਧਰ ਦੇ ਆਪਣੇ ਤਜਰਬਿਆਂ, ਨਵੇਂ ਵਿਚਾਰਾਂ ਅਤੇ ਵਿਹਾਰਕ ਹੱਲਾਂ ਨੂੰ ਇੱਕ-ਦੂਜੇ ਨਾਲ ਸਾਂਝਾ ਕਰ ਸਕਣ।

ਪ੍ਰਧਾਨ ਮੰਤਰੀ ਨੇ ‘ਜਨ ਭਾਗੀਦਾਰੀ’ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਆਂਗਣਵਾੜੀ ਕੇਂਦਰ ਨੂੰ ਇੱਕ ਅਲੱਗ ਸੰਸਥਾ ਵਜੋਂ ਕੰਮ ਨਹੀਂ ਕਰਨਾ ਚਾਹੀਦਾ, ਸਗੋਂ ਇਸ ਨੂੰ ਭਾਈਚਾਰਕ ਭਾਗੀਦਾਰੀ ਦਾ ਕੇਂਦਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਦੇ ਆਲੇ-ਦੁਆਲੇ ਰਹਿਣ ਵਾਲੇ ਪਰਿਵਾਰਾਂ ਨੂੰ ਵੀ ਖਾਸ ਮੌਕਿਆਂ ‘ਤੇ ਬੱਚਿਆਂ ਲਈ ਪੌਸ਼ਟਿਕ ਭੋਜਨ, ਖਿਡੌਣੇ ਅਤੇ ਸਥਾਨਕ ਪੱਧਰ ‘ਤੇ ਉਪਯੋਗੀ ਚੀਜ਼ਾਂ ਦੇ ਕੇ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਨੂੰ ਆਂਗਣਵਾੜੀ ਕੇਂਦਰਾਂ ਨਾਲ ਹੋਰ ਵੱਧ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਆਸ-ਪਾਸ ਦੇ ਆਂਗਣਵਾੜੀ ਕੇਂਦਰਾਂ ਨੂੰ ਗੋਦ ਲੈ ਸਕਦੀਆਂ ਹਨ ਅਤੇ ਸਮਾਜਿਕ ਪ੍ਰਭਾਵ ਨਾਲ ਜੁੜੇ ਅਧਿਐਨ ਕਰ ਸਕਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਯੋਗਦਾਨ ਪਾਉਣ ਦਾ ਮੌਕਾ ਮਿਲੇਗਾ ਅਤੇ ਸੇਵਾ ਵੰਡ ਨੂੰ ਬਿਹਤਰ ਬਣਾਉਣ ਲਈ ਉਪਯੋਗੀ ਜਾਣਕਾਰੀ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਮੈਡੀਕਲ ਵਿਦਿਆਰਥੀ ਅਤੇ ਰਾਸ਼ਟਰੀ ਸੇਵਾ ਯੋਜਨਾ ਅਤੇ ਰਾਸ਼ਟਰੀ ਕੈਡਿਟ ਕੋਰ ਦੇ ਵਲੰਟੀਅਰ ਵੀ ਇਸੇ ਤਰ੍ਹਾਂ ਆਂਗਣਵਾੜੀ ਕੇਂਦਰਾਂ ਅਤੇ ਭਾਈਚਾਰਕ ਪਹਿਲਕਦਮੀਆਂ ਨਾਲ ਜੁੜ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਸ਼ੋਰ ਲੜਕੀਆਂ ਦੀ ਸਿਹਤ, ਪੋਸ਼ਣ ਅਤੇ ਸਰਬ-ਪੱਖੀ ਵਿਕਾਸ ‘ਤੇ ਵਧੇਰੇ ਧਿਆਨ ਦੇਣ ਦੀ ਵੀ ਗੱਲ ਕਹੀ।

ਪ੍ਰਧਾਨ ਮੰਤਰੀ ਮੋਦੀ ਨੇ ਮਹਿਲਾਵਾਂ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਮਹਿਲਾਵਾਂ ਦੀ ਸੁਰੱਖਿਆ, ਸਨਮਾਨ ਅਤੇ ਸਸ਼ਕਤੀਕਰਨ ਬਾਰੇ ਬੱਚਿਆਂ ਲਈ ਉਮਰ ਦੇ ਹਿਸਾਬ ਨਾਲ ਢੁਕਵੇਂ ਮਾਡਿਊਲ ਤਿਆਰ ਕਰਨ ਦਾ ਸੁਝਾਅ ਦਿੱਤਾ। ਸ਼੍ਰੀ ਮੋਦੀ ਨੇ ਵੱਖ-ਵੱਖ ਵਿਭਾਗਾਂ ਦੇ ਯਤਨਾਂ ਨੂੰ ਮਿਲਾ ਕੇ ਰੋਕਥਾਮ ਦੇ ਉਪਾਵਾਂ ‘ਤੇ ਵੀ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਸਾਫ਼-ਸਫ਼ਾਈ, ਸਿਹਤ ਅਤੇ ਪੋਸ਼ਣ ਵਿਚਕਾਰ ਡੂੰਘੇ ਸਬੰਧ ਦਾ ਜ਼ਿਕਰ ਕਰਦਿਆਂ, ਦੇਸ਼ ਭਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗਾਂ ਨੂੰ ‘ਸਵੱਛਤਾ ਅਭਿਆਨ’ ਦੀ ਸਰਗਰਮੀ ਨਾਲ ਜ਼ੁੰਮੇਵਾਰੀ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਚੰਗੀ ਸਿਹਤ ਅਤੇ ਪੋਸ਼ਣ ਸਾਫ਼-ਸਫ਼ਾਈ ਤੋਂ ਹੀ ਸ਼ੁਰੂ ਹੁੰਦਾ ਹੈ ਅਤੇ ਆਂਗਣਵਾੜੀ ਕੇਂਦਰ ਅਤੇ ਆਲੇ-ਦੁਆਲੇ ਦੇ ਸਮੁਦਾਏ ਇਸ ਵਿਵਹਾਰਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਮੰਚ ਬਣ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਲਈ ‘ਵੋਕਲ ਫ਼ੋਰ ਲੋਕਲ’ ਯਾਨੀ ਸਥਾਨਕ ਉਤਪਾਦਾਂ ਲਈ ਹਾਮੀ ਭਰਨ ਅਤੇ ‘ਇੱਕ ਜ਼ਿਲ੍ਹਾ ਇੱਕ ਉਤਪਾਦ’ (ਓ.ਡੀ.ਓ.ਪੀ.) ਵਰਗੇ ਰਾਸ਼ਟਰੀ ਅੰਦੋਲਨਾਂ ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਸਮੂਹ ਅਤੇ ਭਾਈਚਾਰਕ ਸੰਸਥਾਵਾਂ ਸਥਾਨਕ ਉਤਪਾਦਾਂ, ਰੋਜ਼ੀ-ਰੋਟੀ ਅਤੇ ਆਰਥਿਕ ਸਸ਼ਕਤੀਕਰਨ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭਾਈਵਾਲ ਬਣ ਸਕਦੀਆਂ ਹਨ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਰਾਜਾਂ ਵਿੱਚ ਇਸ ਦੇ ਹਮਰੁਤਬਾ ਵਿਭਾਗਾਂ ਨੂੰ ਸਮਾਜ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਵਰਗਾਂ ਵਿੱਚੋਂ ਇੱਕ ਨਾਲ ਜੁੜੀਆਂ ਜ਼ੁੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਆਂਗਣਵਾੜੀ ਕੇਂਦਰਾਂ ਵਿੱਚ ਪਲ-ਵਧ ਰਹੇ ਬੱਚੇ ਹੀ ਅੱਗੇ ਚੱਲ ਕੇ ਨੌਜਵਾਨ ਅਤੇ ਨਾਗਰਿਕ ਬਣਨਗੇ ਜੋ ‘ਵਿਕਸਿਤ ਭਾਰਤ’ ਦਾ ਨਿਰਮਾਣ ਕਰਨਗੇ।

NO COMMENTS

LEAVE A REPLY

Please enter your comment!
Please enter your name here

Exit mobile version