ਜਲੰਧਰ: ਮੌਸਮ ਵਿਭਾਗ ਨੇ ਅੱਜ , 6 ਸਤੰਬਰ ਨੂੰ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ , ਜਦਕਿ ਭਲਕੇ , 7 ਸਤੰਬਰ ਤੋਂ ਮੌਸਮ ਆਮ ਹੋਣ ਦੀ ਉਮੀਦ ਹੈ । ਇਸ ਦੇ ਅਨੁਸਾਰ, ਬੀਤੇ ਦਿਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਦਰਜ ਕੀਤਾ ਗਿਆ । ਮੀਂਹ ਦੇ ਕਾਰਨ ਮੌਸਮ ਸੁਹਾਵਣਾ ਬਣਿਆ ਰਿਹਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ । ਸ਼ਾਮ ਨੂੰ ਠੰਢੀ ਹਵਾਵਾਂ ਦੇ ਚਲਦਿਆਂ ਮੌਸਮ ਵਿੱਚ ਠੰਢਕ ਮਹਿਸੂਸ ਹੋਈ ।
ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋ ਪੈ ਰਹੇ ਮੀਂਹ ਦੇ ਚਲਦਿਆਂ ਤਾਪਮਾਨ ਵਿੱਚ ਗਿਰਾਵਟ ਆਈ ਹੈ ਅਤੇ ਲੋਕਾਂ ਨੇ ਉਮਸ ਭਰੀ ਗਰਮੀ ਤੋਂ ਰਾਹਤ ਦਾ ਸਾਹ ਲਿਆ ਹੈ । ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਾ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਤੋਂ ਹੋਰ ਰਾਹਤ ਮਿਲੇਗੀ।
ਬੀਤੇ ਦਿਨ , ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 36.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹੁਸ਼ਿਆਰਪੁਰ ਵਿੱਚ ਵੱਧ ਤੋਂ ਵੱਧ 31.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੀਂਹ ਕਾਰਨ, ਰਾਜ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਿਹਾ ਅਤੇ ਮੌਸਮ ਠੰਢਾ ਮਹਿਸੂਸ ਹੋਇਆ।
ਮੌਸਮ ਵਿਭਾਗ ਅਨੁਸਾਰ ਅੱਜ, 6 ਸਤੰਬਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਭਲਕੇ , 7 ਸਤੰਬਰ ਤੋਂ ਮੌਸਮ ਵਿੱਚ ਸੁਧਾਰ ਹੋਣ ਅਤੇ ਆਮ ਹਾਲਾਤ ਵਿੱਚ ਵਾਪਸ ਆਉਣ ਦੀ ਉਮੀਦ ਹੈ। ਜਿੱਥੇ ਲਗਾਤਾਰ ਪੈ ਰਹੇ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਮੌਸਮ ਵਿੱਚ ਬਦਲਾਅ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ।












