ਨਵੀਂ ਦਿੱਲੀ: ਭਾਰਤੀ ਮਹਿਲਾ ਹਾਕੀ ਟੀਮ ਬੈਲਜੀਅਮ ਅਤੇ ਨੀਦਰਲੈਂਡ ਵਿੱਚ 15 ਤੋਂ 30 ਅਗਸਤ ਤੱਕ ਹੋਣ ਵਾਲੇ ਐਫ.ਆਈ.ਐਚ. ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਅੱਜ ਸਵੇਰੇ ਯੂਰਪ ਲਈ ਰਵਾਨਾ ਹੋ ਗਈ। ਟੀਮ ਨੇ ਬੈਂਗਲੁਰੂ ਤੋਂ ਮੁੰਬਈ ਦਾ ਸਫ਼ਰ ਕੀਤਾ ਅਤੇ ਫਿਰ ਜਰਮਨੀ ਦੇ ਫਰੈਂਕਫਰਟ ਲਈ ਉਡਾਣ ਭਰੀ, ਜਿੱਥੇ ਇਹ ਵੱਡੇ ਐਫ.ਆਈ.ਐਚ. ਮੁਕਾਬਲੇ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਦੇ ਅੰਤਿਮ ਪੜਾਅ ਨੂੰ ਪੂਰਾ ਕਰੇਗੀ।
ਫ੍ਰੈਂਕਫਰਟ ‘ਚ ਆਪਣੇ ਠਹਿਰਾਅ ਦੌਰਾਨ ਭਾਰਤੀ ਟੀਮ 31 ਜੁਲਾਈ ਅਤੇ 1 ਅਗਸਤ ਨੂੰ ਜਰਮਨੀ ਦੇ ਖ਼ਿਲਾਫ਼ ਦੋ ਅਭਿਆਸ ਮੈਚ ਖੇਡੇਗੀ ਤਾਂ ਜੋ ਟੀਮ ਦੇ ਤਾਲਮੇਲ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਯੂਰਪੀ ਹਾਲਾਤਾਂ ਦੇ ਅਨੁਕੂਲ ਬਣਾਇਆ ਜਾ ਸਕੇ।
ਸਿਖਲਾਈ ਕੈਂਪ ਤੋਂ ਬਾਅਦ ਟੀਮ ਨੀਦਰਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਜਾਰੀ ਰੱਖਣ ਲਈ 2 ਅਗਸਤ ਨੂੰ ਐਮਸਟਰਡਮ ਲਈ ਰਵਾਨਾ ਹੋਵੇਗੀ। ਟੀਮ 16 ਅਗਸਤ ਨੂੰ ਨੀਦਰਲੈਂਡ ਦੇ ਐਮਸਟਲਵੀਨ ਵਿੱਚ ਚੀਨ ਦੇ ਖ਼ਿਲਾਫ਼ ਐਫ.ਆਈ.ਐਚ. ਵਿਸ਼ਵ ਕੱਪ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਕਫਰਟ ਵਿੱਚ ਜਰਮਨੀ ਦੇ ਖ਼ਿਲਾਫ਼ ਦੋ ਅਭਿਆਸ ਮੈਚ ਖੇਡੇਗੀ। ਚੀਨ ਤੋਂ ਬਾਅਦ ਭਾਰਤੀ ਟੀਮ ਪੂਲ ਡੀ ‘ਚ ਦੱਖਣੀ ਅਫਰੀਕਾ ਅਤੇ ਇੰਗਲੈਂਡ ਖ਼ਿਲਾਫ਼ ਮੈਚ ਖੇਡੇਗੀ।
ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਕਪਤਾਨ ਸਲੀਮਾ ਟੇਟੇ ਨੇ ਕਿਹਾ, ‘ਪੂਰੀ ਟੀਮ ਆਉਣ ਵਾਲੀ ਚੁਣੌਤੀ ਲਈ ਤਿਆਰ ਹੈ। ਸਾਡੀ ਸਿਖਲਾਈ ਚੰਗੀ ਰਹੀ ਹੈ ਅਤੇ ਹੁਣ ਸਾਨੂੰ ਅਭਿਆਸ ਮੈਚਾਂ ਅਤੇ ਫਿਰ ਵਿਸ਼ਵ ਕੱਪ ਵਿੱਚ ਵੀ ਇਸ ਲੈਅ ਨੂੰ ਕਾਇਮ ਰੱਖਣਾ ਹੋਵੇਗਾ। ਸਾਡੇ ਪਹਿਲੇ ਮੈਚ ਵਿੱਚ ਚੀਨ ਦਾ ਸਾਹਮਣਾ ਕਰਨਾ ਇੱਕ ਮਹੱਤਵਪੂਰਨ ਇਮਤਿਹਾਨ ਹੋਵੇਗਾ ਅਤੇ ਅਸੀਂ ਟੂਰਨਾਮੈਂਟ ਦੀ ਸ਼ੁਰੂਆਤ ਸਕਾਰਾਤਮਕ ਨੋਟ ‘ਤੇ ਕਰਨਾ ਚਾਹੁੰਦੇ ਹਾਂ। ਇੱਕ ਟੀਮ ਦੇ ਰੂਪ ਵਿੱਚ, ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਵਚਨਬੱਧ ਹਾਂ।











