ਨਵੀਂ ਦਿੱਲੀ: ਉਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸੰਸਦ ਮੈਂਬਰਾਂ ਅਤੇ ਹੋਰ ਜਨ ਪ੍ਰਤੀਨਿਧੀਆਂ ਨਾਲ ਮਿਲ ਕੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਹਰ ਘਰ ਤਿਰੰਗਾ’ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਹ ਰੈਲੀ ਭਾਰਤ ਮੰਡਪਮ ਤੋਂ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਤੱਕ ਗਈ, ਜਿਸ ਨੇ ਰਾਸ਼ਟਰੀ ਮਾਣ, ਏਕਤਾ ਅਤੇ ਨਾਗਰਿਕ ਭਾਗੀਦਾਰੀ ਦਾ ਸੰਦੇਸ਼ ਦਿੱਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੇ ਮਾਤ ਭੂਮੀ ਪ੍ਰਤੀ ਪਿਆਰ ਨੂੰ ਰਾਸ਼ਟਰੀ ਫਰਜ਼ ਵਿੱਚ ਬਦਲ ਦਿੱਤਾ ਅਤੇ ਇਹ ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਭਾਵਨਾ ਦਾ ਇੱਕ ਸ਼ਕਤੀਸ਼ਾਲੀ ਪ੍ਰਗਟਾਵਾ ਬਣ ਗਿਆ। ਉਨ੍ਹਾਂ ਯਾਦ ਕੀਤਾ ਕਿ ਇਸ ਦੇ ਅਮਰ ਸ਼ਬਦਾਂ ਨੇ ਅਣਗਿਣਤ ਆਜ਼ਾਦੀ ਘੁਲਾਟੀਆਂ ਨੂੰ ਹਿੰਮਤ, ਕੁਰਬਾਨੀ ਅਤੇ ਆਸ ਨਾਲ ਪ੍ਰੇਰਿਤ ਕੀਤਾ।
ਉਪ ਰਾਸ਼ਟਰਪਤੀ ਨੇ ਅੰਡਮਾਨ ਅਤੇ ਨਿਕੋਬਾਰ ਟਾਪੂ ਸਮੂਹ ਦੀ ਆਪਣੀ ਹਾਲੀਆ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਅਤੇ ਇਤਿਹਾਸਕ ਸੈਲੂਲਰ ਜੇਲ੍ਹ ਦਾ ਉਨ੍ਹਾਂ ਦਾ ਦੌਰਾ ਬੇਹੱਦ ਭਾਵੁਕ ਰਿਹਾ। ਉਨ੍ਹਾਂ 1943 ਵਿੱਚ ਨੇਤਾਜੀ ਵੱਲੋਂ ਤਿਰੰਗਾ ਲਹਿਰਾਉਣ ਅਤੇ ਸੈਲੂਲਰ ਜੇਲ੍ਹ ਵਿੱਚ ਕੈਦ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ, ਜਿਨ੍ਹਾਂ ਵਿੱਚੋਂ ਕਈਆਂ ਨੇ ‘ਵੰਦੇ ਮਾਤਰਮ’ ਦੇ ਨਾਅਰੇ ਨਾਲ ਫਾਂਸੀ ਨੂੰ ਗਲੇ ਲਗਾਇਆ।
ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਦੇਸ਼ਵਿਆਪੀ ਪ੍ਰਭਾਵ ਨੂੰ ਉਜਾਗਰ ਕਰਦਿਆਂ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਰਾਸ਼ਟਰੀ ਕਵੀ ਸੁਬ੍ਰਮਣੀਅਮ ਭਾਰਤੀ ਸਮੇਤ ਵੀ.ਓ. ਚਿਦੰਬਰਮ ਪਿੱਲੈ, ਸੁਬ੍ਰਮਣੀਅਮ ਸ਼ਿਵਾ, ਤਿਰੁੱਪੁਰ ਕੁਮਰਨ ਅਤੇ ਵਾਂਚੀਨਾਥਨ ਵਰਗੇ ਤਾਮਿਲਨਾਡੂ ਦੇ ਆਜ਼ਾਦੀ ਘੁਲਾਟੀਆਂ ਅਤੇ ਆਗੂਆਂ ਦੇ ਯੋਗਦਾਨ ਤੇ ਕੁਰਬਾਨੀਆਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ‘ਵੰਦੇ ਮਾਤਰਮ’ ਦੀ ਭਾਵਨਾ ਅਤੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਇਆ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 2022 ਵਿੱਚ ਸ਼ੁਰੂ ਕੀਤੀ ਗਈ ‘ਹਰ ਘਰ ਤਿਰੰਗਾ ਮੁਹਿੰਮ’ ਹੁਣ ਇੱਕ ਜਨ ਅੰਦੋਲਨ ਵਿੱਚ ਬਦਲ ਚੁੱਕੀ ਹੈ। ਨਾਗਰਿਕ ਤਿਰੰਗਾ ਯਾਤਰਾਵਾਂ, ਬਾਈਕ ਅਤੇ ਸਾਈਕਲ ਰੈਲੀਆਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਗਤੀਵਿਧੀਆਂ ਵਿੱਚ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਤਿਰੰਗਾ ਸਾਡੀ ਮਾਤ ਭੂਮੀ ਦੀ ਭਾਵਨਾ ਨੂੰ ਸਾਕਾਰ ਰੂਪ ਦਿੰਦਾ ਹੈ। ਉਨ੍ਹਾਂ ਸੰਸਦ ਮੈਂਬਰਾਂ ਅਤੇ ਜਨ ਪ੍ਰਤੀਨਿਧੀਆਂ ਨੂੰ ਆਪਣੇ-ਆਪਣੇ ਹਲਕਿਆਂ ਵਿੱਚ ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਅਤੇ ਨਾਗਰਿਕਾਂ ਨੂੰ ਮਾਣ ਨਾਲ ਰਾਸ਼ਟਰੀ ਝੰਡਾ ਲਹਿਰਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।
ਇਸ ਰੈਲੀ ਵਿੱਚ ਕੇਂਦਰੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ, ਸ੍ਰੀ ਰਾਜੀਵ ਰੰਜਨ ਸਿੰਘ, ਸ੍ਰੀ ਵੀਰੇਂਦਰ ਕੁਮਾਰ, ਸ੍ਰੀ ਜੀ. ਕਿਸ਼ਨ ਰੈੱਡੀ, ਸ੍ਰੀ ਕਿਰੇਨ ਰਿਜਿਜੂ ਅਤੇ ਸ੍ਰੀ ਜਿਤੇਂਦਰ ਸਿੰਘ ਦੇ ਨਾਲ-ਨਾਲ ਸੰਸਦ ਮੈਂਬਰਾਂ ਅਤੇ ਹੋਰ ਜਨ ਪ੍ਰਤੀਨਿਧੀਆਂ ਨੇ ਭਾਗ ਲਿਆ।












