ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੇਨਰਾ ਬੈਂਕ ਨਾਲ ਸਾਂਝੇਦਾਰੀ ਰਾਹੀਂ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ 44,301 ਮਿਡ-ਡੇਅ ਮੀਲ ਕੁੱਕ-ਕਮ-ਹੈਲਪਰਾਂ ਨੂੰ 16 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਅਤੇ ਹੋਰ ਲਾਭ ਪ੍ਰਦਾਨ ਕਰਨ ਲਈ ਇੱਕ ਵਿਆਪਕ ਬੀਮਾ ਯੋਜਨਾ ਸ਼ੁਰੂ ਕੀਤੀ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਅਨਿੰਦਿਤਾ ਮਿੱਤਰਾ, ਆਈਏਐਸ ਦੀ ਮੌਜੂਦਗੀ ਵਿੱਚ ਵੀਰਵਾਰ ਨੂੰ ਐਲੀਮੈਂਟਰੀ ਸਿੱਖਿਆ ਡਾਇਰੈਕਟੋਰੇਟ (ਮਿਡ-ਡੇਅ ਮੀਲ) ਅਤੇ ਕੇਨਰਾ ਬੈਂਕ ਚੰਡੀਗੜ੍ਹ ਵਿਚਕਾਰ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਗਏ। ਇਸ ਸਾਂਝੇਦਾਰੀ ਦਾ ਉਦੇਸ਼ ਕੁੱਕ-ਕਮ-ਹੈਲਪਰਾਂ ਨੂੰ ਵਿੱਤੀ ਸੁਰੱਖਿਆ ਅਤੇ ਹੋਰ ਲਾਭ ਪ੍ਰਦਾਨ ਕਰਨਾ ਹੈ।
ਇਸ ਬੀਮਾ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦੇ ਹੋਏ, ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਕਵਰ ਵਿਆਪਕ ਲਾਭ ਪ੍ਰਦਾਨ ਕਰਦਾ ਹੈ, ਜਿਸ ਵਿੱਚ ਕੁਦਰਤੀ ਕਾਰਨਾਂ ਕਰਕੇ ਮੌਤ ਹੋਣ ‘ਤੇ 1 ਲੱਖ ਰੁਪਏ, ਦੁਰਘਟਨਾ ਕਾਰਨ ਮੌਤ ਹੋਣ ‘ਤੇ 16 ਲੱਖ ਰੁਪਏ ਅਤੇ ਹਵਾਈ ਹਾਦਸੇ ‘ਤੇ 18 ਲੱਖ ਰੁਪਏ ਦਾ ਮਿਆਦੀ ਬੀਮਾ ਸ਼ਾਮਲ ਹੈ। ਇਹ ਸਕੀਮ ਖਾਤਾ ਧਾਰਕਾਂ ਨੂੰ ਆਸਾਨੀ ਅਤੇ ਸਹੂਲਤ ਯਕੀਨੀ ਬਣਾਉਣ ਲਈ ਜ਼ੀਰੋ ਬੈਲੇਂਸ ਦੀ ਸ਼ਰਤ ਤੋਂ ਬਿਨਾਂ ਮੁਸ਼ਕਲ ਰਹਿਤ ਬੈਂਕਿੰਗ, 10,000 ਰੁਪਏ ਤੱਕ ਦੀ ਤੁਰੰਤ ਓਵਰਡਰਾਫਟ ਸਹੂਲਤ ਜਾਂ ਪਿਛਲੇ ਮਹੀਨੇ ਦੀ ਕੁੱਲ ਤਨਖਾਹ ਦਾ 50% ਵਰਗੇ ਲਾਭ ਵੀ ਪ੍ਰਦਾਨ ਕਰਦੀ ਹੈ।
