Homeਦੇਸ਼ਦੇਸ਼ ਦੀ ਪਹਿਲੀ ਸਵਦੇਸ਼ੀ H5N1 ਬਰਡ ਫਲੂ ਵੈਕਸੀਨ ਅੱਜ ਹੋਵੇਗੀ ਲਾਂਚ

ਦੇਸ਼ ਦੀ ਪਹਿਲੀ ਸਵਦੇਸ਼ੀ H5N1 ਬਰਡ ਫਲੂ ਵੈਕਸੀਨ ਅੱਜ ਹੋਵੇਗੀ ਲਾਂਚ

ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਪੋਲਟਰੀ (ਮੁਰਗੀ ਪਾਲਣ) ਲਈ ਭਾਰਤ ਦੀ ਪਹਿਲੀ ‘ਸਵਦੇਸ਼ੀ ਇਨਐਕਟੀਵੇਟਿਡ H5N1 ਹਾਈਲੀ ਪੈਥੋਜੈਨਿਕ ਏਵੀਅਨ ਇਨਫਲੂਐਂਜ਼ਾ (HPAI) ਵਾਇਰਸ ਵੈਕਸੀਨ’ ਲਾਂਚ ਕਰਨਗੇ।

ਅਧਿਕਾਰੀਆਂ ਨੇ ਦੱਸਿਆ ਕਿ ਭੋਪਾਲ ਸਥਿਤ ਆਈ.ਸੀ.ਏ.ਆਰ.-ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਿਟੀ ਐਨੀਮਲ ਡਿਜ਼ੀਜ਼ (ICAR-NIHSAD) ਨੇ ‘ਬਰਡ ਫਲੂ’ (ਜਿਸ ਨੂੰ ਏਵੀਅਨ ਇਨਫਲੂਐਂਜ਼ਾ ਵੀ ਕਿਹਾ ਜਾਂਦਾ ਹੈ) ਵਰਗੀ ਘਾਤਕ ਬਿਮਾਰੀ ਦੇ ਖ਼ਿਲਾਫ਼ ਇਹ ਵੈਕਸੀਨ ਵਿਕਸਿਤ ਕੀਤੀ ਹੈ।

ਮੁਰਗੀਆਂ ਅਤੇ ਹੋਰ ਪੰਛੀਆਂ ਲਈ ਵੱਡਾ ਖ਼ਤਰਾ

ਇਹ ਦੇਸ਼ ਦੇ ਪੋਲਟਰੀ ਖੇਤਰ ਵਿੱਚ ਬਿਮਾਰੀ ’ਤੇ ਕਾਬੂ ਪਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ‘ਹਾਈਲੀ ਪੈਥੋਜੈਨਿਕ ਏਵੀਅਨ ਇਨਫਲੂਐਂਜ਼ਾ’ (HPAI) ਨੂੰ ਆਮ ਤੌਰ ’ਤੇ ‘ਬਰਡ ਫਲੂ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਮੁਰਗੀਆਂ ਅਤੇ ਹੋਰ ਪੰਛੀਆਂ ਲਈ ਇੱਕ ਵੱਡਾ ਖ਼ਤਰਾ ਹੈ। ਇਸ ਬਿਮਾਰੀ ਦੇ ਫੈਲਣ ਨਾਲ ਅਕਸਰ ਪੰਛੀਆਂ ਦੇ ਪੂਰੇ ਝੁੰਡ ਦੇ ਮਰਨ ਦਾ ਖ਼ਤਰਾ ਬਣ ਜਾਂਦਾ ਹੈ।

ਬਰਡ ਫਲੂ ਕਾਰਨ ਨਾ ਸਿਰਫ਼ ਵੱਡੀ ਗਿਣਤੀ ਵਿੱਚ ਪੰਛੀਆਂ ਨੂੰ ਮਾਰਨਾ ਪੈਂਦਾ ਹੈ ਅਤੇ ਵਪਾਰ ’ਤੇ ਪਾਬੰਦੀਆਂ ਲਗਾਉਣੀਆਂ ਪੈਂਦੀਆਂ ਹਨ, ਸਗੋਂ ਇਸ ਨਾਲ ਅੰਤਰਰਾਸ਼ਟਰੀ ਬਾਜ਼ਾਰ ਵੀ ਪ੍ਰਭਾਵਿਤ ਹੁੰਦੇ ਹਨ। ਪੋਲਟਰੀ ਉਤਪਾਦਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ ਅਤੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ।

ਦੇਸ਼ ਵਿੱਚ 2006 ਵਿੱਚ ਸਾਹਮਣੇ ਆਇਆ ਸੀ ਪਹਿਲਾ ਮਾਮਲਾ

ਭਾਰਤ ਵਿੱਚ ਸਾਲ 2006 ਵਿੱਚ ਬਰਡ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ H5N1 ਅਤੇ H5N8 ਸਬਟਾਈਪ ਦੇ 500 ਤੋਂ ਵੱਧ ਪ੍ਰਕੋਪ (ਆਊਟਬ੍ਰੇਕ) ਦੇਖੇ ਜਾ ਚੁੱਕੇ ਹਨ।

ਸਰਕਾਰੀ ਅਨੁਮਾਨਾਂ ਅਨੁਸਾਰ, ਜੇਕਰ ਇਸ ਬਿਮਾਰੀ ਦਾ ਕੋਈ ਵੱਡਾ ਪ੍ਰਕੋਪ ਹੁੰਦਾ ਹੈ ਤਾਂ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ ਵਿੱਚ 1.5 ਫ਼ੀਸਦੀ ਤੱਕ ਦੀ ਕਮੀ ਆ ਸਕਦੀ ਹੈ ਅਤੇ ਦੇਸ਼ ਦੀ 20 ਫ਼ੀਸਦੀ ਤੋਂ ਵੱਧ ਪੋਲਟਰੀ ਆਬਾਦੀ ਖ਼ਤਰੇ ਵਿੱਚ ਪੈ ਸਕਦੀ ਹੈ।

ਸਾਲ 2006 ਵਿੱਚ ਬਰਡ ਫਲੂ ਦੇ ਪ੍ਰਕੋਪ ਕਾਰਨ ਲਗਭਗ 2,200 ਕਰੋੜ ਤੋਂ 3,000 ਕਰੋੜ ਰੁਪਏ ਦਾ ਸਿੱਧਾ ਅਤੇ ਅਸਿੱਧਾ ਨੁਕਸਾਨ ਹੋਇਆ ਸੀ। ਉੱਥੇ ਹੀ ਮਣੀਪੁਰ ਵਿੱਚ ਹੋਏ ਇੱਕ ਹੋਰ ਪ੍ਰਕੋਪ ਕਾਰਨ ਸੂਬੇ ਦੀ ਜੀ.ਡੀ.ਪੀ. ਦੇ 0.5 ਫ਼ੀਸਦੀ ਦੇ ਬਰਾਬਰ ਨੁਕਸਾਨ ਹੋਇਆ ਸੀ। ਖੇਤੀਬਾੜੀ ਖੇਤਰ ਵਿੱਚ ਹੋਣ ਵਾਲੇ ਨੁਕਸਾਨ ਤੋਂ ਇਲਾਵਾ H5N1 ਜਨਤਕ ਸਿਹਤ ਲਈ ਵੀ ਗੰਭੀਰ ਖ਼ਤਰੇ ਪੈਦਾ ਕਰਦਾ ਹੈ।

H5N1 ਕਾਰਨ 479 ਲੋਕਾਂ ਦੀ ਮੌਤ

ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ, ਸਾਲ 2003 ਤੋਂ ਹੁਣ ਤੱਕ ਭਾਰਤ ਸਮੇਤ 25 ਦੇਸ਼ਾਂ ਵਿੱਚ H5N1 ਏਵੀਅਨ ਇਨਫਲੂਐਂਜ਼ਾ ਦੇ 1,003 ਮਨੁੱਖੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 479 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਵਾਇਰੋਲੋਜੀਕਲ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਮੁਰਗੀਆਂ ਵਿੱਚ ਹੋਣ ਵਾਲੇ ਜ਼ਿਆਦਾਤਰ ਪ੍ਰਕੋਪਾਂ ਲਈ ‘H5N1 ਕਲੇਡ 2.3.2.1a ਸਟ੍ਰੇਨ’ ਜ਼ਿੰਮੇਵਾਰ ਰਿਹਾ ਹੈ।

ਥਣਧਾਰੀ ਜਾਨਵਰਾਂ ਵਿੱਚ ਵੀ ਮਿਲਿਆ ਇਨਫੈਕਸ਼ਨ

ਹਾਲ ਹੀ ਵਿੱਚ ਮੁਰਗੀਆਂ ਤੋਂ ਇਲਾਵਾ ਥਣਧਾਰੀ ਜਾਨਵਰਾਂ ਵਿੱਚ ਵੀ ਇਸ ਦੇ ਇਨਫੈਕਸ਼ਨ ਦਾ ਪਤਾ ਲੱਗਾ ਹੈ। ਇਸ ਦੇ ਨਾਲ ਹੀ ਮਨੁੱਖਾਂ ਵਿੱਚ ਵੀ ਇਸ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਮੁਰਗੀਆਂ ਨੂੰ ਇਸ ‘ਕਲੇਡ 2.3.2.1a ਸਟ੍ਰੇਨ’ ਤੋਂ ਬਚਾਉਣ ਲਈ ਕੋਈ ਵਿਸ਼ੇਸ਼ ਵਪਾਰਕ ਵੈਕਸੀਨ ਉਪਲਬਧ ਨਹੀਂ ਸੀ।

ਮੁਰਗੀਆਂ ਨੂੰ ਵਾਇਰਸ ਦੇ ਸਟ੍ਰੇਨ ਤੋਂ ਬਚਾਉਣ ਵਿੱਚ ਮਿਲੇਗੀ ਮਦਦ

ICAR-NIHSAD ਵੱਲੋਂ ਵਿਕਸਿਤ ਕੀਤੀ ਗਈ ਸਵਦੇਸ਼ੀ ਵੈਕਸੀਨ ਇਸ ਬਿਮਾਰੀ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋਵੇਗੀ। ਇਹ ਵੈਕਸੀਨ ਮੁਰਗੀਆਂ ਨੂੰ ਇਸ ਖ਼ਤਰਨਾਕ ਸਟ੍ਰੇਨ ਤੋਂ ਬਚਾਉਣ ਵਿੱਚ ਮਦਦ ਕਰੇਗੀ, ਜਿਸ ਨਾਲ ਕਿਸਾਨਾਂ ਨੂੰ ਹੋਣ ਵਾਲਾ ਆਰਥਿਕ ਨੁਕਸਾਨ ਘੱਟ ਹੋਵੇਗਾ। ਇਸ ਦੇ ਨਾਲ ਹੀ ਵਾਇਰਸ ਦੇ ਮੁਰਗੀਆਂ ਤੋਂ ਹੋਰ ਜਾਨਵਰਾਂ ਅਤੇ ਮਨੁੱਖਾਂ ਤੱਕ ਫੈਲਣ ਦੀ ਸੰਭਾਵਨਾ ਨੂੰ ਵੀ ਸੀਮਤ ਕਰਨ ਵਿੱਚ ਮਦਦ ਮਿਲੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments