Home ਖੇਡਾਂ ਫੀਫਾ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਵੱਡਾ ਇਨਾਮ, ਚੈਂਪੀਅਨ ਟੀਮ ਨੂੰ...

ਫੀਫਾ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਵੱਡਾ ਇਨਾਮ, ਚੈਂਪੀਅਨ ਟੀਮ ਨੂੰ ਮਿਲਣਗੇ 490 ਕਰੋੜ ਰੁਪਏ

0

ਕਨੇਡਾ: ਫੁੱਟਬਾਲ ਦੀ ਸਭ ਤੋਂ ਵੱਡੀ ਪ੍ਰਤੀਯੋਗਿਤਾ ਫੀਫਾ ਵਿਸ਼ਵ ਕੱਪ ਹੁਣ ਸਿਰਫ਼ ਮਾਣ-ਸਨਮਾਨ ਹੀ ਨਹੀਂ, ਸਗੋਂ ਰਿਕਾਰਡਤੋੜ ਇਨਾਮੀ ਰਾਸ਼ੀ ਲਈ ਵੀ ਚਰਚਾ ਵਿੱਚ ਹੈ। ਫੀਫਾ ਨੇ ਆਉਣ ਵਾਲੇ ਵਿਸ਼ਵ ਕੱਪ ਲਈ ਕੁੱਲ 871 ਮਿਲੀਅਨ ਡਾਲਰ (ਲਗਭਗ 8,400 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਵੰਡਣ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਟੂਰਨਾਮੈਂਟ ਦੁਨੀਆ ਦੇ ਸਭ ਤੋਂ ਵੱਧ ਇਨਾਮੀ ਰਕਮ ਵਾਲੇ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਹੋ ਗਿਆ ਹੈ।

ਫੀਫਾ ਦੇ ਐਲਾਨ ਅਨੁਸਾਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ 51 ਮਿਲੀਅਨ ਡਾਲਰ (ਲਗਭਗ 490 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਫੁੱਟਬਾਲ ਵਿਸ਼ਵ ਚੈਂਪੀਅਨ ਨੂੰ ਇੰਨੀ ਵੱਡੀ ਰਕਮ ਮਿਲੇਗੀ। ਇਸ ਤੋਂ ਪਹਿਲਾਂ 2022 ਫੀਫਾ ਵਿਸ਼ਵ ਕੱਪ ਦੇ ਚੈਂਪੀਅਨ ਅਰਜਨਟੀਨਾ ਨੂੰ ਕਰੀਬ 42 ਮਿਲੀਅਨ ਡਾਲਰ (ਲਗਭਗ 348 ਕਰੋੜ ਰੁਪਏ) ਦੀ ਇਨਾਮੀ ਰਕਮ ਪ੍ਰਾਪਤ ਹੋਈ ਸੀ।

ਨਵੇਂ ਐਲਾਨ ਨਾਲ ਸਪਸ਼ਟ ਹੋ ਗਿਆ ਹੈ ਕਿ ਫੀਫਾ ਖੇਡ ਦੇ ਵਿਸ਼ਵ ਪੱਧਰੀ ਵਿਕਾਸ ਅਤੇ ਖਿਡਾਰੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ‘ਤੇ ਨਿਵੇਸ਼ ਕਰ ਰਿਹਾ ਹੈ। ਸਿਰਫ਼ ਚੈਂਪੀਅਨ ਟੀਮ ਹੀ ਨਹੀਂ, ਸਗੋਂ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਵਾਲੇ ਹਰ ਦੇਸ਼ ਨੂੰ ਵੀ ਵੱਡੀ ਵਿੱਤੀ ਸਹਾਇਤਾ ਮਿਲੇਗੀ। ਫੀਫਾ ਨੇ ਕਿਹਾ ਹੈ ਕਿ ਹਰ ਕੁਆਲੀਫਾਈ ਕਰਨ ਵਾਲੀ ਟੀਮ ਨੂੰ ਘੱਟੋ-ਘੱਟ 12.5 ਮਿਲੀਅਨ ਡਾਲਰ (ਲਗਭਗ 107 ਕਰੋੜ) ਦੀ ਰਕਮ ਦਿੱਤੀ ਜਾਵੇਗੀ।

ਇਸ ਵਾਰ ਟੂਰਨਾਮੈਂਟ ਵਿੱਚ ਇਨਾਮੀ ਰਕਮ ਦੇ ਨਾਲ-ਨਾਲ ਖਾਸ ਸਨਮਾਨ ਵੀ ਸ਼ਾਮਲ ਕੀਤੇ ਗਏ ਹਨ। ਫਾਈਨਲ ਮੈਚ ਤੋਂ ਪਹਿਲਾਂ ਫੀਫਾ ਨੇ ਐਲਾਨ ਕੀਤਾ ਕਿ ਜੇਤੂ ਟੀਮ ਦੇ ਖਿਡਾਰੀਆਂ ਨੂੰ ਰਵਾਇਤੀ ਮੈਡਲਾਂ ਦੇ ਨਾਲ ਚੈਂਪੀਅਨਸ਼ਿਪ ਰਿੰਗ ਵੀ ਦਿੱਤੀਆਂ ਜਾਣਗੀਆਂ। ਇਹ ਰਿੰਗ ਖਿਡਾਰੀਆਂ ਦੀ ਉਪਲਬਧੀ ਨੂੰ ਯਾਦਗਾਰ ਬਣਾਉਣ ਲਈ ਤਿਆਰ ਕੀਤੀਆਂ ਜਾਣਗੀਆਂ।

ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਵਧੀ ਹੋਈ ਇਨਾਮੀ ਰਕਮ ਨਾਲ ਵਿਸ਼ਵ ਕੱਪ ਦਾ ਮੁਕਾਬਲਾ ਹੋਰ ਰੋਮਾਂਚਕ ਬਣੇਗਾ ਅਤੇ ਛੋਟੇ ਫੁੱਟਬਾਲ ਦੇਸ਼ਾਂ ਨੂੰ ਵੀ ਆਪਣੀ ਟੀਮ ਦੇ ਵਿਕਾਸ ਲਈ ਵੱਡਾ ਆਰਥਿਕ ਸਹਾਰਾ ਮਿਲੇਗਾ। ਇਹ ਫੈਸਲਾ ਵਿਸ਼ਵ ਫੁੱਟਬਾਲ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਫੁੱਟਬਾਲ ਪ੍ਰੇਮੀਆਂ ਦੀਆਂ ਨਜ਼ਰਾਂ ਹੁਣ ਆਉਣ ਵਾਲੇ ਵਿਸ਼ਵ ਕੱਪ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਨਾ ਸਿਰਫ਼ ਟਰਾਫੀ ਲਈ, ਸਗੋਂ ਇਤਿਹਾਸ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਲਈ ਵੀ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ।

NO COMMENTS

LEAVE A REPLY

Please enter your comment!
Please enter your name here

Exit mobile version