ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ , ਸੋਮਵਾਰ ਨੂੰ ਆਪਣੀ ਨਵੀਂ ਰਾਸ਼ਟਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ‘ਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਅਤੇ ਭਾਜਪਾ ਦੇ ਸਾਬਕਾ ਰਾਸ਼ਟਰੀ ਜਨਰਲ ਸਕੱਤਰ ਰਾਮ ਮਾਧਵ ਨੂੰ ਰਾਸ਼ਟਰੀ ਉਪ ਪ੍ਰਧਾਨ ਬਣਾਇਆ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਵੱਲੋਂ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਕੀਤਾ ਗਿਆ ਅਤੇ ਇਹ ਤੁਰੰਤ ਲਾਗੂ ਹੋ ਗਈਆਂ ਹਨ। ਰਾਜੇ ਅਤੇ ਮਾਧਵ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤੇ ਗਏ 13 ਨੇਤਾਵਾਂ ਵਿੱਚ ਸ਼ਾਮਲ ਹਨ। ਇਸ ਸੂਚੀ ਵਿੱਚ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ, ਬੈਜਯੰਤ ਜੈ ਪਾਂਡਾ, ਡੀ. ਪੁਰੰਡੇਸ਼ਵਰੀ, ਰੇਖਾ ਵਰਮਾ, ਵਰਸ਼ਾਬੇਨ ਨਰੇਂਦਰਭਾਈ ਦੋਸ਼ੀ, ਭਾਰਤੀ ਪ੍ਰਵੀਨ ਪਵਾਰ, ਮਨਪ੍ਰੀਤ ਸਿੰਘ ਬਾਦਲ, ਲਾਲ ਸਿੰਘ ਆਰੀਆ, ਐਮ. ਨਾਗਰਾਜ, ਤਾਰਿਕ ਮਨਸੂਰ ਅਤੇ ਮਧੂਚੰਦਰ ਕਾਰ ਵੀ ਸ਼ਾਮਲ ਹਨ।
ਭਾਜਪਾ ਨੇ ਅੱਠ ਕੌਮੀ ਜਨਰਲ ਸਕੱਤਰ ਨਿਯੁਕਤ ਕੀਤੇ ਹਨ। ਸਮ੍ਰਿਤੀ ਇਰਾਨੀ ਦੇ ਨਾਲ-ਨਾਲ ਇਸ ਸੂਚੀ ਵਿੱਚ ਵਿਨੋਦ ਤਾਵੜੇ, ਸੁਨੀਲ ਬਾਂਸਲ, ਬਿਪਲਬ ਕੁਮਾਰ ਦੇਬ, ਸਤੀਸ਼ ਪੂਨੀਆ, ਗਜੇਂਦਰ ਪਟੇਲ, ਹਰੀਸ਼ ਦਿਵੇਦੀ ਅਤੇ ਸੰਜੇ ਭਾਟੀਆ ਸ਼ਾਮਲ ਹਨ। ਭਾਜਪਾ ਦੇ ਜਥੇਬੰਦਕ ਸਕੱਤਰ ਬੀ.ਐਲ. ਸੰਤੋਸ਼ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਦੇ ਅਹੁਦੇ ‘ਤੇ ਬਣੇ ਰਹਿਣਗੇ, ਜਦਕਿ ਸ਼ਿਵਪ੍ਰਕਾਸ਼ ਅਤੇ ਸੌਦਾਨ ਸਿੰਘ ਨੂੰ ਰਾਸ਼ਟਰੀ ਸੰਯੁਕਤ ਜਨਰਲ ਸਕੱਤਰ (ਸੰਗਠਨ) ਨਿਯੁਕਤ ਕੀਤਾ ਗਿਆ ਹੈ।
ਪੀਯੂਸ਼ ਗੋਇਲ ਨੂੰ ਰਾਸ਼ਟਰੀ ਖਜ਼ਾਨਚੀ ਅਤੇ ਰਾਜੇਸ਼ ਮੰਗਲ ਨੂੰ ਰਾਸ਼ਟਰੀ ਸੰਯੁਕਤ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਪਾਰਟੀ ਨੇ ਆਪਣੇ ਜਥੇਬੰਦਕ ਅਤੇ ਆਊਟਰੀਚ ਵਿੰਗਾਂ ਵਿੱਚ ਨਿਯੁਕਤੀਆਂ ਦਾ ਵੀ ਐਲਾਨ ਕੀਤਾ ਹੈ। ਸੰਬਿਤ ਪਾਤਰਾ ਨੂੰ ਉੱਤਰ-ਪੂਰਬ ਕੋਆਰਡੀਨੇਟਰ ਬਣਾਇਆ ਗਿਆ ਹੈ, ਜਦਕਿ ਤਰੁਣ ਚੁੱਘ ਨੂੰ ਕੇਂਦਰੀ ਦਫ਼ਤਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।












