ਇਸਲਾਮਾਬਾਦ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਮੰਗਲਵਾਰ ਸਵੇਰੇ ਇੱਕ ਭਿਆਨਕ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ। ਇਹ ਧਮਾਕਾ ਫੈਡਰਲ ਜੁਡੀਸ਼ੀਅਲ ਕੰਪਲੈਕਸ (ਅਦਾਲਤ ਕੰਪਲੈਕਸ) ਦੇ ਬਾਹਰ ਖੜ੍ਹੀ ਇੱਕ ਕਾਰ ਵਿੱਚ ਹੋਇਆ, ਜਿਸ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਵਿਸਫੋਟ ਇੰਨਾ ਸ਼ਕਤੀਸ਼ਾਲੀ ਸੀ ਕਿ ਆਸ-ਪਾਸ ਖੜ੍ਹੀਆਂ ਕਈ ਗੱਡੀਆਂ ਨੁਕਸਾਨ ਦਾ ਸ਼ਕਾਰ ਹੋ ਗਈਆਂ ਅਤੇ ਇਲਾਕੇ ਵਿੱਚ ਘਬਰਾਹਟ ਫੈਲ ਗਈ।
ਪੁਲਿਸ ਸੂਤਰਾਂ ਦੇ ਮੁਤਾਬਕ, ਅਦਾਲਤ ਪਰਿਸਰ ਦੇ ਬਾਹਰ ਇੱਕ ਸ਼ੱਕੀ ਕਾਰ ਸਵੇਰੇ ਲਗਭਗ 10:15 ਵਜੇ ਪਾਰਕ ਕੀਤੀ ਗਈ ਸੀ। ਕੁਝ ਹੀ ਮਿੰਟਾਂ ਬਾਅਦ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਪੂਰਾ ਇਲਾਕਾ ਕੰਬ ਉੱਠਿਆ। ਮੁੱਢਲੀ ਜਾਂਚ ਵਿੱਚ ਇਹ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਧਮਾਕਾ ਦੱਸਿਆ ਜਾ ਰਿਹਾ ਹੈ। ਧਮਾਕਾ ਇੰਨਾ ਤੇਜ਼ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ, ਅਤੇ ਅਦਾਲਤ ਦੇ ਬਾਹਰ ਮੌਜੂਦ ਕਈ ਵਕੀਲ, ਪੁਲਿਸ ਕਰਮਚਾਰੀ ਅਤੇ ਨਾਗਰਿਕ ਜ਼ਖ਼ਮੀ ਹੋ ਗਏ।











