ਭਵਾਨੀਗੜ੍ਹ: ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀ.ਪੀ.ਈ.ਓ.) ਭਵਾਨੀਗੜ੍ਹ ਦੇ ਖ਼ਿਲਾਫ਼ ਅੱਜ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਦਫ਼ਤਰ ਦਾ ਘਿਰਾਓ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਬੀ.ਪੀ.ਈ.ਓ. ‘ਤੇ ਕਥਿਤ ਤੌਰ ‘ਤੇ ਰਿਸ਼ਵਤਖੋਰੀ, ਅਧਿਆਪਕਾਂ ਨੂੰ ਤੰਗ-ਪਰੇਸ਼ਾਨ ਕਰਨ ਅਤੇ ਬੇਇੱਜ਼ਤ ਕਰਨ ਵਰਗੇ ਗੰਭੀਰ ਦੋਸ਼ ਲਗਾਏ।
ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਦੇਵੀ ਦਿਆਲ, ਅਵਤਾਰ ਸਿੰਘ ਭਲਵਾਨ, ਵਰਿੰਦਰਜੀਤ ਸਿੰਘ ਬਜਾਜ, ਗੁਰਸੇਵਕ ਸਿੰਘ ਕਲੇਰ, ਫਕੀਰ ਸਿੰਘ ਟਿੱਬਾ, ਜੋਤਿੰਦਰ ਜੋਤੀ ਅਤੇ ਸਰਬਜੀਤ ਸਿੰਘ ਪੁੰਨਾਂਵਾਲਾ ਨੇ ਕਿਹਾ ਕਿ ਉਕਤ ਅਧਿਕਾਰੀ ਕੋਲ ਚਾਰ ਬਲਾਕਾਂ ਦਾ ਚਾਰਜ ਹੈ ਅਤੇ ਉਨ੍ਹਾਂ ਖ਼ਿਲਾਫ਼ ਲੰਮੇ ਸਮੇਂ ਤੋਂ ਅਧਿਆਪਕਾਂ ਨਾਲ ਦੁਰਵਿਹਾਰ ਅਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਪੂਰੇ ਮਾਮਲੇ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ, ਸੰਗਰੂਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਪਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਅਧਿਆਪਕ ਜਥੇਬੰਦੀਆਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ।
ਆਗੂਆਂ ਅਨੁਸਾਰ, ਅੱਜ ਪਹਿਲਾਂ ਬੀ.ਪੀ.ਈ.ਓ. ਨਾਲ ਗੱਲਬਾਤ ਰਾਹੀਂ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਹਿਮਤੀ ਨਾ ਬਣਨ ‘ਤੇ ਅਧਿਆਪਕਾਂ ਨੇ ਦਫ਼ਤਰ ਦਾ ਘਿਰਾਓ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਘਿਰਾਓ ਅਤੇ ਰੋਸ ਪ੍ਰਦਰਸ਼ਨ ਜਾਰੀ ਸੀ।
ਇਸ ਮੌਕੇ ‘ਤੇ ਗੁਰਲਾਭ ਸਿੰਘ, ਹੁਸ਼ਿਆਰ ਸਿੰਘ, ਘਰਿੰਦਰ ਸਿੰਘ, ਜਗਦੀਸ਼ ਸਿੰਘ, ਨਰਿੰਦਰ ਕੁਮਾਰ, ਜਸਬੀਰ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ, ਸੁੰਦਰ ਸਿੰਘ, ਜਸਵਿੰਦਰ ਪਾਲ ਸਮਰਾ, ਕਸ਼ਮੀਰ ਸਿੰਘ, ਸਵਿੰਦਰ ਪਾਲ ਜੋਸ਼ੀ, ਹਰਜਿੰਦਰ ਸਿੰਘ, ਗੁਰਤੇਜ ਸਿੰਘ, ਜਰਨੈਲ ਸਿੰਘ, ਬੱਗਾ ਸਿੰਘ, ਵੀਰ ਸਿੰਘ, ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।











