Home Uncategorized ਸੁਰਜੀਤ ਮਾਧੋਪੁਰੀ ਤੇ ਬਿੱਟੂ ਖੰਨੇਵਾਲਾ ਦਾ ਗਾਇਆ ਗੀਤ ”ਸੋਹਣੀਆਂ ਪੱਗਾਂ” ਧੂਮਧਾਮ ਨਾਲ...

ਸੁਰਜੀਤ ਮਾਧੋਪੁਰੀ ਤੇ ਬਿੱਟੂ ਖੰਨੇਵਾਲਾ ਦਾ ਗਾਇਆ ਗੀਤ ”ਸੋਹਣੀਆਂ ਪੱਗਾਂ” ਧੂਮਧਾਮ ਨਾਲ ਰੀਲੀਜ਼

0

 ਅੱਜ ‘ਸੋਹਣੀਆਂ ਪੱਗਾਂ’ ਵਰਗੇ ਗੀਤਾਂ ਦੀ ਵੱਡੀ ਲੋੜ ਹੈ- ਸੁੱਖੀ ਬਾਠ

ਸਰੀ: ਪੰਜਾਬੀ ਦੇ ਮਸ਼ਹੂਰ ਸ਼ਾਇਰ ਕਵਿੰਦਰ ਚਾਂਦ ਦੀ ਰਚਨਾ ਅਤੇ ਸੁਰਜੀਤ ਸਿੰਘ ਮਾਧੋਪੁਰੀ ਤੇ ਬਿੱਟੂ ਖੰਨੇ ਵਾਲਾ ਦੀ ਮਿੱਠੀ ਅਤੇ ਪ੍ਰਭਾਵਸ਼ਾਲੀ ਆਵਾਜ਼ ਵਿੱਚ ਗਾਇਆ ਗਿਆ ਸੁਹਣਾ ਗੀਤ ‘ਸੋਹਣੀਆਂ ਪੱਗਾਂ’ 4 ਅਪ੍ਰੈਲ ਨੂੰ ਤਾਜ ਪਾਰਕ ਕਨਵੈਨਸ਼ਨ ਸੈਂਟਰ, ਸਰੀ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਸਮਾਰੋਹ ਵਿੱਚ ਪੰਜਾਬ, ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਪਿਆਰ ਕਰਨ ਵਾਲੀਆਂ ਕਈ ਪ੍ਰਮੁੱਖ ਹਸਤੀਆਂ ਨੇ ਭਾਗ ਲਿਆ।

ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਸਰੀ ਅਤੇ ਅਦਾਰਾ ਪੰਜਾਬ ਭਵਨ ਸਰੀ ਦੇ ਸਾਂਝੇ ਉੱਦਮ ਨਾਲ ਕਰਵਾਏ ਗਏ ਇਸ ਰੰਗਾਰੰਗ ਸੰਗੀਤਕ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀ, ਲੇਖਕ, ਸਮਾਜ ਸੇਵੀ, ਬੁੱਧੀਜੀਵੀ, ਵਿਦਵਾਨ ਅਤੇ ਮੀਡੀਆ ਨਾਲ ਜੁੜੇ ਲੋਕ ਮੌਜੂਦ ਸਨ। ਪ੍ਰਸਿੱਧ ਸੰਗੀਤਕਾਰ ਲਾਲ ਕਮਲ ਦੇ ਸੁਰੀਲੇ ਸੰਗੀਤ ਨਾਲ ਸਜਾਏ ਗਏ ਇਸ ਗੀਤ ਦੀ ਵੀਡੀਓ ਡਾਇਰੈਕਸ਼ਨ ਗੱਗੀ ਸਿੰਘ ਵੱਲੋਂ ਬਹੁਤ ਸੁੰਦਰ ਢੰਗ ਨਾਲ ਕੀਤੀ ਗਈ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬੀ ਸਭਿਆਚਾਰ ਦੀ ਨਿਸ਼ਾਨੀ ਪੱਗ ਦੀ ਅਹਿਮੀਅਤ, ਸਨਮਾਨ ਅਤੇ ਇਤਿਹਾਸ ਨੂੰ ਰੌਸ਼ਨ ਕਰਨ ਵਾਲੇ ਇਸ ਗੀਤ ਦੀ ਭਰਪੂਰ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਪੱਗ ਸਿਰਫ਼ ਇੱਕ ਕਪੜਾ ਨਹੀਂ, ਸਗੋਂ ਇੱਜ਼ਤ ਅਤੇ ਮਰਿਆਦਾ ਦਾ ਪ੍ਰਤੀਕ ਹੈ, ਜੋ ਵਿਅਕਤੀ ਨੂੰ ਰਾਜਸੀ ਸ਼ਾਨ ਬਖ਼ਸ਼ਦੀ ਹੈ। ਮੋਤਾ ਸਿੰਘ ਝੀਤਾ, ਰਵਿੰਦਰ ਸਹਿਰਾਅ (ਸ਼ਿਕਾਗੋ), ਡਾ. ਰਣਜੀਤ ਸਿੰਘ ਪੰਨੂ, ਹਰਪ੍ਰੀਤ ਸਿੰਘ, ਗੁਰਬਾਜ ਸਿੰਘ ਬਰਾੜ, ਲਵੀ ਪੰਨੂ, ਦੇਵਿੰਦਰ ਬੈਨੀਵਾਲ, ਪਾਲ ਬਰਾੜ, ਪ੍ਰਿਤਪਾਲ ਸਿੰਘ ਗਿੱਲ, ਮਨਜੀਤ ਕੰਗ, ਪੌਲ ਵੜੈਚ, ਸੁਖਬੀਰ ਬੀਹਲਾ ਅਤੇ ਰਾਇ ਅਜ਼ੀਜ਼ ਉੱਲਾ ਖਾਨ ਸਮੇਤ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਧਾਰਮਿਕ ਅਤੇ ਸਾਂਸਕ੍ਰਿਤਿਕ ਪਰੰਪਰਾਵਾਂ ਵਿੱਚ ਪੱਗ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਗਿਆ। ਇਸ ਦੌਰਾਨ ਸਕਰੀਨ ਰਾਹੀਂ ਕਈ ਮਸ਼ਹੂਰ ਸ਼ਖਸੀਅਤਾਂ ਦੇ ਵਧਾਈ ਸੰਦੇਸ਼ ਵੀ ਦਿਖਾਏ ਗਏ, ਜਿਨ੍ਹਾਂ ਵਿੱਚ ਤਰਲੋਚਨ ਸਿੰਘ, ਆਸ਼ਾ ਸ਼ਰਮਾ, ਬਲਵਿੰਦਰ ਕੌਰ ਬਰਾੜ, ਗੁਰਭਜਨ ਗਿੱਲ, ਮਲਕੀਤ ਸਿੰਘ, ਬਲਤੇਜ ਸਿੰਘ ਢਿੱਲੋਂ, ਸ਼ਮਸ਼ੇਰ ਸੰਧੂ ਅਤੇ ਬਿੱਟੂ ਖੰਨੇ ਵਾਲਾ ਸ਼ਾਮਲ ਸਨ।

ਗੀਤ ਦੇ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਅਤੇ ਵਿਸ਼ੇਸ਼ ਮਹਿਮਾਨ ਸੁਖਜਿੰਦਰ ਸਿੰਘ ਸੁੱਖੀ ਬਾਠ ਨੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਹਾਜ਼ਰੀਨ ਦਾ ਧੰਨਵਾਦ ਕੀਤਾ। ਤਾਜ ਪਾਰਕ ਕਨਵੈਨਸ਼ਨ ਸੈਂਟਰ ਦੇ ਮਾਲਕ ਕੁਲਤਾਰਜੀਤ ਸਿੰਘ ਥਿਆੜਾ ਨੇ ਵੀ ਇਸ ਉਪਰਾਲੇ ਦੀ ਸਰਾਹਨਾ ਕੀਤੀ।

ਸਟੇਜ ਸੰਚਾਲਨ ਲੇਖਿਕਾ ਬਲਵੀਰ ਕੌਰ ਢਿਲੋਂ ਨੇ ਸੁਚੱਜੇ ਢੰਗ ਨਾਲ ਕੀਤਾ। ਵੱਡੀ ਗਿਣਤੀ ਵਿੱਚ ਆਏ ਲੋਕਾਂ ਦੇ ਉਤਸ਼ਾਹ ਨੇ ਆਯੋਜਕਾਂ ਨੂੰ ਹੋਰ ਉਤਸ਼ਾਹਿਤ ਕੀਤਾ। ਸੁਰਜੀਤ ਸਿੰਘ ਮਾਧੋਪੁਰੀ ਨੇ ਕਿਹਾ ਕਿ ਸਮਾਂ ਘੱਟ ਹੋਣ ਕਰਕੇ ਕੁਝ ਬੁਲਾਰਿਆਂ ਨੂੰ ਮੌਕਾ ਨਹੀਂ ਮਿਲ ਸਕਿਆ, ਪਰ ਜਲਦ ਹੀ ਇੱਕ ਹੋਰ ਸਮਾਗਮ ਰੱਖਿਆ ਜਾਵੇਗਾ ਜਿੱਥੇ ਉਹਨਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version