Homeਦੇਸ਼ਨਿਠਾਰੀ ਕਾਂਡ ਨਾਲ ਜੁੜੇ ਸੁਰੇਂਦਰ ਕੋਲੀ ਦੀ ਸ਼ੱਕੀ ਹਾਲਾਤਾਂ 'ਚ ਮੌਤ

ਨਿਠਾਰੀ ਕਾਂਡ ਨਾਲ ਜੁੜੇ ਸੁਰੇਂਦਰ ਕੋਲੀ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਹਰਿਦੁਆਰ: ਦੇਸ਼ ਭਰ ਵਿੱਚ ਚਰਚਿਤ ਨਿਠਾਰੀ ਕਾਂਡ ਨਾਲ ਜੁੜੇ ਰਹੇ ਸੁਰੇਂਦਰ ਕੋਲੀ ਦੀ ਹਰਿਦੁਆਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸ ਦੀ ਲਾਸ਼ ਉੱਤਰੀ ਹਰਿਦੁਆਰ ਦੇ ਸਪਤ ਸਰੋਵਰ ਇਲਾਕੇ ਵਿੱਚ ਲਾਲਮਾਤਾ ਮੰਦਰ ਦੇ ਸਾਹਮਣੇ ਸਥਿਤ ਇੱਕ ਚਾਹ ਦੀ ਦੁਕਾਨ ਤੋਂ ਮਿਲੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਘਟਨਾ ਸਬੰਧੀ ਕੋਲੀ ਦੇ ਅਲਮੋੜਾ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ।

ਪੁਲਿਸ ਮੁਤਾਬਕ ਸਪਤ ਰਿਸ਼ੀ ਪੁਲਿਸ ਚੌਕੀ ਨੂੰ ਸਪਤ ਸਰੋਵਰ ਰੋਡ ‘ਤੇ ਇੱਕ ਚਾਹ ਦੀ ਦੁਕਾਨ ਵਿੱਚ ਵਿਅਕਤੀ ਦੇ ਮ੍ਰਿਤਕ ਮਿਲਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚੀ ਟੀਮ ਨੇ ਮ੍ਰਿਤਕ ਦੀ ਪਛਾਣ ਸੁਰੇਂਦਰ ਕੋਲੀ, ਵਾਸੀ ਪਿੰਡ ਮੰਗਰੂਖਾਲ, ਭਿਕਿਆਸੈਂਣ, ਅਲਮੋੜਾ ਵਜੋਂ ਕੀਤੀ।

ਜਾਣਕਾਰੀ ਮੁਤਾਬਕ ਸੁਰੇਂਦਰ ਕੋਲੀ ਪਿਛਲੇ ਕੁਝ ਸਮੇਂ ਤੋਂ ਹਰਿਦੁਆਰ ਵਿੱਚ ਰਹਿ ਰਿਹਾ ਸੀ ਅਤੇ ਕਿਰਾਏ ‘ਤੇ ਚਾਹ ਦੀ ਦੁਕਾਨ ਲੈ ਕੇ ਕਾਰੋਬਾਰ ਕਰਦਾ ਸੀ। ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਦੁਕਾਨ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਬਾਰੇ ਸਥਿਤੀ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਸ਼ਹਿਰ ਕੋਤਵਾਲ ਕੁੰਦਨ ਸਿੰਘ ਰਾਣਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਰੇਂਦਰ ਕੋਲੀ ਵਜੋਂ ਹੋਈ ਹੈ, ਜੋ ਨਿਠਾਰੀ ਮਾਮਲੇ ਵਿੱਚ ਮੁਲਜ਼ਮ ਰਹਿ ਚੁੱਕਾ ਸੀ। ਪੁਲਿਸ ਨੇ ਘਟਨਾ ਸਥਾਨ ਦੀ ਜਾਂਚ ਕਰਨ ਦੇ ਨਾਲ-ਨਾਲ ਆਲੇ-ਦੁਆਲੇ ਦੇ ਲੋਕਾਂ ਤੋਂ ਵੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਵੱਲੋਂ ਮੌਤ ਦੇ ਕਾਰਨਾਂ ਦੀ ਪੁਸ਼ਟੀ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨਿਠਾਰੀ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕੀਤਾ ਸੀ ਬਰੀ

ਸੁਰੇਂਦਰ ਕੋਲੀ ਦਾ ਨਾਮ 2005-06 ਦੌਰਾਨ ਨੋਇਡਾ ਦੇ ਨਿਠਾਰੀ ਇਲਾਕੇ ਵਿੱਚ ਸਾਹਮਣੇ ਆਏ ਮਾਮਲਿਆਂ ਨਾਲ ਜੁੜਿਆ ਸੀ। ਕਈ ਮਾਮਲਿਆਂ ਵਿੱਚ ਹੇਠਲੀਆਂ ਅਦਾਲਤਾਂ ਵੱਲੋਂ ਉਸਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਬਾਅਦ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਕਈ ਮਾਮਲਿਆਂ ਵਿੱਚ ਉਸਨੂੰ ਬਰੀ ਕਰ ਦਿੱਤਾ।

ਜੁਲਾਈ 2025 ਵਿੱਚ ਸੁਪਰੀਮ ਕੋਰਟ ਨੇ ਵੀ ਉਸ ਨਾਲ ਸਬੰਧਤ 12 ਮਾਮਲਿਆਂ ਵਿੱਚ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਇਸ ਤੋਂ ਬਾਅਦ ਨਵੰਬਰ 2025 ਵਿੱਚ ਬਕਾਇਆ ਆਖਰੀ ਮਾਮਲੇ ਵਿੱਚ ਵੀ ਸੁਪਰੀਮ ਕੋਰਟ ਨੇ ਉਸ ਦੀ ਦੋਸ਼ਸਿੱਧੀ ਰੱਦ ਕਰਦਿਆਂ ਉਸਨੂੰ ਬਰੀ ਕਰਨ ਦਾ ਹੁਕਮ ਦਿੱਤਾ ਸੀ।

ਕੀ ਸੀ ਨਿਠਾਰੀ ਕਾਂਡ?

ਨਿਠਾਰੀ ਕਾਂਡ 2005-06 ਦੌਰਾਨ ਨੋਇਡਾ ਦੇ ਨਿਠਾਰੀ ਪਿੰਡ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਲਾਪਤਾ ਹੋਣ ਨਾਲ ਜੁੜਿਆ ਮਾਮਲਾ ਸੀ। ਬਾਅਦ ਵਿੱਚ ਸੈਕਟਰ-31 ਸਥਿਤ ਮੋਨਿੰਦਰ ਸਿੰਘ ਪੰਧੇਰ ਦੀ ਕੋਠੀ ਦੇ ਪਿੱਛੇ ਬਣੇ ਨਾਲੇ ਤੋਂ ਮਨੁੱਖੀ ਅਵਸ਼ੇਸ਼ ਮਿਲਣ ਤੋਂ ਬਾਅਦ ਮਾਮਲਾ ਦੇਸ਼ ਭਰ ਵਿੱਚ ਚਰਚਾ ਵਿੱਚ ਆਇਆ ਸੀ।

ਸੁਰੇਂਦਰ ਕੋਲੀ ਪੰਧੇਰ ਦੇ ਘਰ ‘ਤੇ ਕੰਮ ਕਰਦਾ ਸੀ ਅਤੇ ਇਸ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਅਦਾਲਤੀ ਕਾਰਵਾਈ ਦੌਰਾਨ ਉਸਨੂੰ ਸਾਰੇ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਗਿਆ।

ਹੁਣ ਹਰਿਦੁਆਰ ਵਿੱਚ ਹੋਈ ਉਸ ਦੀ ਮੌਤ ਦੀ ਪੁਲਸ ਜਾਂਚ ਕਰ ਰਹੀ ਹੈ। ਮੌਤ ਦੀ ਅਸਲ ਵਜ੍ਹਾ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments