ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਵਿੱਚ ਸੁਧਾਰਾਂ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਈ। ਜਸਟਿਸ ਪੀ.ਐੱਸ. ਨਰਸਿਮ੍ਹਾ ਅਤੇ ਜਸਟਿਸ ਆਲੋਕ ਆਰਾਧੇ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ NTA ਵਿੱਚ ਹੁਣ ਤੱਕ ਕੀਤੇ ਗਏ ਸੁਧਾਰਾਂ ਦੀ ਪ੍ਰਗਤੀ ਰਿਪੋਰਟ ਮੰਗੀ ਹੈ।
ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਉਹ ਖੁਦ NTA ਹੈੱਡਕੁਆਰਟਰ ਦਾ ਦੌਰਾ ਕਰਕੇ ਇਹ ਦੇਖੇਗੀ ਕਿ ਸੁਧਾਰਾਂ ਨਾਲ ਜੁੜੇ ਫੈਸਲੇ ਅਸਲ ਵਿੱਚ ਲਾਗੂ ਹੋਏ ਹਨ ਜਾਂ ਨਹੀਂ। ਅਦਾਲਤ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕਮੇਟੀ ਦੀਆਂ ਸਿਫ਼ਾਰਸ਼ਾਂ ਸਿਰਫ਼ ਕਾਗਜ਼ਾਂ ਤੱਕ ਸੀਮਤ ਨਹੀਂ ਰਹਿਣੀਆਂ ਚਾਹੀਦੀਆਂ, ਸਗੋਂ ਉਨ੍ਹਾਂ ਨੂੰ ਅਮਲ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।
ਸੁਣਵਾਈ ਦੌਰਾਨ ਜਸਟਿਸ ਪੀ.ਐੱਸ. ਨਰਸਿਮ੍ਹਾ ਨੇ NTA ਵਿੱਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਮੰਗੀ। ਇਸ ‘ਤੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਹਾਈ-ਪਾਵਰਡ ਕਮੇਟੀ ਵੱਲੋਂ ਵਿਆਪਕ ਪੱਧਰ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਅਤੇ ਉਮੀਦ ਹੈ ਕਿ ਕਮੇਟੀ ਮਹੀਨੇ ਦੇ ਅੰਤ ਤੱਕ ਆਪਣੀ ਰਿਪੋਰਟ ਪੇਸ਼ ਕਰ ਦੇਵੇਗੀ।
ਬੈਂਚ ਨੇ ਕਿਹਾ ਕਿ ਅਦਾਲਤ ਇਹ ਦੇਖਣਾ ਚਾਹੁੰਦੀ ਹੈ ਕਿ ਪ੍ਰਸਤਾਵਿਤ ਸਿਸਟਮ ਅਸਲ ਵਿੱਚ ਕਿਵੇਂ ਕੰਮ ਕਰ ਰਿਹਾ ਹੈ। ਇਸ ਦੌਰਾਨ ਮੈਨਪਾਵਰ, ਸਟਾਫ ਦੀ ਉਪਲਬਧਤਾ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਜੁੜੇ ਮੁੱਦਿਆਂ ਦੀ ਵੀ ਜਾਂਚ ਕੀਤੀ ਜਾਵੇਗੀ।
ਸੁਪਰੀਮ ਕੋਰਟ ਨੇ ਹਾਈ-ਪਾਵਰਡ ਕਮੇਟੀ ਨਾਲ ਤਾਲਮੇਲ ਕਰਨ ਵਾਲੇ ਜੁਆਇੰਟ ਸੈਕਟਰੀ ਨੂੰ ਕਮੇਟੀ ਦੀ ਪ੍ਰਗਤੀ ਬਾਰੇ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ NTA ਨੂੰ ਵੀ ਸੁਧਾਰਾਂ ਅਤੇ ਹੁਣ ਤੱਕ ਹੋਈ ਪ੍ਰਗਤੀ ਨਾਲ ਸਬੰਧਤ ਹਲਫਨਾਮਾ ਆਪਣੀ ਵੈੱਬਸਾਈਟ ‘ਤੇ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸੁਣਵਾਈ ਦੌਰਾਨ NTA ਲਈ ਸਥਾਈ ਅਤੇ ਟ੍ਰੇਨਡ ਸਟਾਫ, ਬੁਨਿਆਦੀ ਢਾਂਚਾ, ਵੱਖ-ਵੱਖ ਸੰਸਥਾਵਾਂ ਵਿਚਾਲੇ ਤਾਲਮੇਲ ਅਤੇ ਕਾਨੂੰਨੀ ਸਹਾਇਤਾ ਵਰਗੇ ਮੁੱਦਿਆਂ ‘ਤੇ ਵੀ ਚਰਚਾ ਹੋਈ।
ਅਦਾਲਤ ਨੇ ਲਿਖਤੀ ਪ੍ਰੀਖਿਆ ਪ੍ਰਣਾਲੀ ਤੋਂ ਡਿਜੀਟਲ ਪ੍ਰੀਖਿਆ ਵੱਲ ਬਦਲਾਅ ਨੂੰ ਪੜਾਅਵਾਰ ਢੰਗ ਨਾਲ ਕਰਨ ਦੀ ਗੱਲ ਕਹੀ। ਇਸ ਤੋਂ ਇਲਾਵਾ ਵਕੀਲਾਂ ਅਤੇ ਸੂਬਾ ਸਰਕਾਰਾਂ ਨੂੰ ਆਪਣੇ ਸੁਝਾਅ ਨਿਰਧਾਰਤ ਈਮੇਲ ਆਈਡੀ ਰਾਹੀਂ ਭੇਜਣ ਦੀ ਇਜਾਜ਼ਤ ਦਿੱਤੀ ਗਈ ਹੈ। ਨਵਾਂ ਹਲਫਨਾਮਾ ਦਾਇਰ ਹੋਣ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ।
NTA ਦੀ ਪ੍ਰੀਖਿਆ ਪ੍ਰਣਾਲੀ ਨੂੰ ਲੈ ਕੇ ਵਿਵਾਦਾਂ ਤੋਂ ਬਾਅਦ ਏਜੰਸੀ ਵਿੱਚ ਸੁਧਾਰਾਂ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ। ਇਸ ਤਹਿਤ 50 ਤੋਂ ਵੱਧ ਕਰਮਚਾਰੀਆਂ ਨੂੰ ਹਟਾਉਣ ਅਤੇ ਅਹਿਮ ਅਹੁਦਿਆਂ ‘ਤੇ ਪੇਸ਼ੇਵਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।
ਹਾਲ ਹੀ ਵਿੱਚ NTA ਵਿੱਚ ਦੋ ਡਾਇਰੈਕਟਰਾਂ ਅਤੇ ਇੱਕ ਜੁਆਇੰਟ ਡਾਇਰੈਕਟਰ ਦੀ ਨਿਯੁਕਤੀ ਵੀ ਕੀਤੀ ਗਈ ਹੈ। ਆਈਪੀਐੱਸ ਅਧਿਕਾਰੀ ਰਵੀ ਕੁਮਾਰ ਸਿੰਘ ਅਤੇ ਆਈਏਐੱਸ ਅਧਿਕਾਰੀ ਪ੍ਰਸੰਨਾ ਵੈਂਕਟੇਸ਼ ਵੀ ਨੂੰ ਡਾਇਰੈਕਟਰ ਬਣਾਇਆ ਗਿਆ ਹੈ, ਜਦਕਿ ਭਾਰਤੀ ਰੈਵੇਨਿਊ ਸਰਵਿਸ ਦੇ ਅਧਿਕਾਰੀ ਅਮਿਤ ਸਮਦਰੀਆ ਨੂੰ ਜੁਆਇੰਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।












