ਕੈਨੇਡਾ: ਕੈਨੇਡਾ ਵਿੱਚ ਸਕੂਲ ਵਿੱਚ ਹੋਈ ਭਿਆਨਕ ਗੋਲੀਬਾਰੀ ਦੇ ਬਾਅਦ ਇੱਕ ਨਵਾਂ ਕਾਨੂੰਨ ਵਿਵਾਦ ਸਾਹਮਣੇ ਆਇਆ ਹੈ । ਗੰਭੀਰ ਰੂਪ ਵਿੱਚ ਜ਼ਖਮੀ ਵਿਦਿਆਰਥੀ ਦੇ ਮਾਤਾ-ਪਿਤਾ ਨੇ ਏ.ਆਈ. ਕੰਪਨੀ ਦੇ ਖ਼ਿਲਾਫ਼ ਦੀਵਾਨੀ ਮੁਕੱਦਮਾ ਦਾਇਰ ਕੀਤਾ ਹੈ । ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਹਮਲਾਵਰ ਨੇ ਹਮਲੇ ਦੀ ਯੋਜਨਾ ਬਣਾਉਣ ਦੇ ਲਈ ਏ.ਆਈ ਚੈਟਬਾਟ ChatGPT ਦੀ ਵਰਤੋਂ ਕੀਤੀ ਅਤੇ ਕੰਪਨੀ ਨੂੰ ਇਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਸਮੇਂ ਰਹਿੰਦੇ ਪੁਲਿਸ ਨੂੰ ਸੂਚਿਤ ਨਹੀਂ ਕੀਤੀ ।
ਇਹ ਘਟਨਾ 10 ਫਰਵਰੀ ਨੂੰ ਕੈਨੇਡਾ ਦੇ ਟੰਬਲਰ ਰਿਜ ਵਿੱਚ ਵਾਪਰੀ ਸੀ। ਹਮਲਾਵਰ, ਜੈਸ ਵੈਨ ਰੂਸਟਸੇਲਰ ਨੇ ਗੋਲੀਬਾਰੀ ਵਿੱਚ ਅੱਠ ਲੋਕਾਂ ਨੂੰ ਮਾਰ ਦਿੱਤਾ ਅਤੇ ਬਾਅਦ ਵਿੱਚ ਆਪਣੀ ਜਾਨ ਲੈ ਲਈ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਕੋਲ “ਖਾਸ ਜਾਣਕਾਰੀ” ਸੀ ਜੋ ਦਰਸਾਉਂਦੀ ਹੈ ਕਿ ਹਮਲਾਵਰ ਇੱਕ ਵੱਡੇ ਪੱਧਰ ‘ਤੇ ਜਾਨੀ ਨੁਕਸਾਨ ਦੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਮੁਕੱਦਮੇ ਦੇ ਅਨੁਸਾਰ, ਹਮਲਾਵਰ ਨੇ ਚੈਟਬੋਟ ਨੂੰ ਇੱਕ ਭਰੋਸੇਮੰਦ ਸਾਥੀ ਅਤੇ ਸਲਾਹਕਾਰ ਵਜੋਂ ਵਰਤਿਆ, ਜਿਸਨੇ ਯੋਜਨਾ ਬਣਾਉਣ ਵਿੱਚ ਉਸਦੀ ਸਹਾਇਤਾ ਕੀਤੀ। ਪਟੀਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਵਿਦਿਆਰਥਣ, ਮਾਇਆ ਗੇਬਾਲਾ, ਨੂੰ ਬਹੁਤ ਨੇੜੇ ਤੋਂ ਤਿੰਨ ਗੋਲੀਆਂ ਲੱਗੀਆਂ।
ਇੱਕ ਗੋਲੀ ਉਸਦੇ ਸਿਰ ਵਿੱਚ ਲੱਗੀ, ਦੂਜੀ ਗਰਦਨ ਵਿੱਚ ਅਤੇ ਤੀਜੀ ਉਸਦੇ ਗਲ੍ਹ ਵਿੱਚ ਲੱਗੀ। ਹਮਲੇ ਵਿੱਚ ਉਸਨੂੰ ਦਿਮਾਗ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਡਾਕਟਰਾਂ ਦੇ ਅਨੁਸਾਰ, ਉਸਨੂੰ ਸਥਾਈ ਮਾਨਸਿਕ ਅਤੇ ਸਰੀਰਕ ਅਪੰਗਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੰਪਨੀ ਦੇ ਅਨੁਸਾਰ, ਹਮਲਾਵਰ ਦਾ ਚੈਟ.ਜੀ.ਪੀ.ਟੀ. ਖਾਤਾ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ, ਪਰ ਉਸਨੇ ਇੱਕ ਨਵਾਂ ਖਾਤਾ ਬਣਾ ਕੇ ਪਾਬੰਦੀ ਨੂੰ ਟਾਲਣ ਦੀ ਕੋਸ਼ਿਸ਼ ਕੀਤੀ। ਇਹ ਦੱਸਿਆ ਗਿਆ ਹੈ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਕੰਪਨੀ ਨੇ ਪੁਲਿਸ ਨਾਲ ਸੰਪਰਕ ਕੀਤਾ ਸੀ। ਇਸ ਮਾਮਲੇ ਦੇ ਮੱਦੇਨਜ਼ਰ, ਏ.ਆਈ ਤਕਨਾਲੋਜੀ ਦੀ ਜਵਾਬਦੇਹੀ ਅਤੇ ਸੁਰੱਖਿਆ ਬਾਰੇ ਇੱਕ ਨਵੀਂ ਬਹਿਸ ਉੱਭਰੀ ਹੈ। ਮਾਹਿਰਾਂ ਦਾ ਸੁਝਾਅ ਹੈ ਕਿ ਜੇਕਰ ਇਹ ਦੋਸ਼ ਅਦਾਲਤ ਵਿੱਚ ਸਾਬਤ ਹੋ ਜਾਂਦੇ ਹਨ, ਤਾਂ ਭਵਿੱਖ ਵਿੱਚ ਏ.ਆਈ ਕੰਪਨੀਆਂ ‘ਤੇ ਸਖ਼ਤ ਨਿਯਮ ਲਾਗੂ ਕੀਤੇ ਜਾ ਸਕਦੇ ਹਨ।
