ਵਾਸ਼ਿੰਗਟਨ: ਅਮਰੀਕਾ ਦੇ ਪੂਰਬੀ ਤੱਟੀ ਇਲਾਕਿਆਂ ਵਿੱਚ Nor’easter ਤੂਫ਼ਾਨ ਨੇ ਹਾਲਾਤ ਮੁਸ਼ਕਲ ਕਰ ਦਿੱਤੇ ਹਨ। ਵਾਸ਼ਿੰਗਟਨ ਡੀ.ਸੀ. ਤੋਂ ਲੈ ਕੇ ਮੇਨ ਤੱਕ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਤੱਟੀ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਖਰਾਬ ਮੌਸਮ ਦਾ ਅਸਰ ਹਵਾਈ ਆਵਾਜਾਈ ਅਤੇ ਬਿਜਲੀ ਸਪਲਾਈ ’ਤੇ ਵੀ ਪਿਆ ਹੈ।
425 ਤੋਂ ਵੱਧ ਉਡਾਣਾਂ ਰੱਦ
ਤੂਫ਼ਾਨ ਕਾਰਨ ਵੀਕਐਂਡ ’ਤੇ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਖ਼ਰਾਬ ਹੋਣ ਕਾਰਨ ਅਮਰੀਕਾ ਨਾਲ ਜੁੜੀਆਂ ਕਰੀਬ 425 ਉਡਾਣਾਂ ਰੱਦ ਕੀਤੀਆਂ ਗਈਆਂ, ਜਦਕਿ 1,338 ਉਡਾਣਾਂ ਦੇਰੀ ਨਾਲ ਚੱਲੀਆਂ।
ਹਜ਼ਾਰਾਂ ਘਰਾਂ ਦੀ ਬਿਜਲੀ ਹੋਈ ਬੰਦ
ਤੇਜ਼ ਹਵਾਵਾਂ ਕਾਰਨ ਰੁੱਖਾਂ ਅਤੇ ਟਾਹਣੀਆਂ ਦੇ ਡਿੱਗਣ ਨਾਲ ਬਿਜਲੀ ਦੀਆਂ ਲਾਈਨਾਂ ਪ੍ਰਭਾਵਿਤ ਹੋਈਆਂ ਹਨ। ਨਿਊ ਜਰਸੀ, ਕਨੈਕਟੀਕਟ, ਨਿਊਯਾਰਕ ਅਤੇ ਪੈਨਸਿਲਵੇਨੀਆ ਵਿੱਚ ਵੱਡੀ ਗਿਣਤੀ ਵਿੱਚ ਘਰਾਂ, ਦੁਕਾਨਾਂ ਅਤੇ ਦਫ਼ਤਰਾਂ ਦੀ ਬਿਜਲੀ ਚਲੀ ਗਈ।
ਸ਼ਨੀਵਾਰ ਦੁਪਹਿਰ ਤੱਕ ਇਨ੍ਹਾਂ ਚਾਰ ਰਾਜਾਂ ਵਿੱਚ 88 ਹਜ਼ਾਰ ਤੋਂ ਵੱਧ ਗਾਹਕ ਬਿਜਲੀ ਤੋਂ ਬਿਨਾਂ ਸਨ। ਇਸ ਤੋਂ ਪਹਿਲਾਂ ਇਹ ਗਿਣਤੀ 1.19 ਲੱਖ ਤੋਂ ਪਾਰ ਹੋ ਗਈ ਸੀ। ਲੌਂਗ ਆਈਲੈਂਡ ਵਿੱਚ ਵੀ ਕਰੀਬ 13,300 ਗਾਹਕ ਬਿਜਲੀ ਤੋਂ ਵਾਂਝੇ ਰਹੇ। ਹਾਲਾਂਕਿ PSEG Long Island ਵੱਲੋਂ 34,600 ਤੋਂ ਵੱਧ ਪ੍ਰਭਾਵਿਤ ਗਾਹਕਾਂ ਦੀ ਬਿਜਲੀ ਬਹਾਲ ਕੀਤੀ ਜਾ ਚੁੱਕੀ ਹੈ।

ਕਈ ਇਲਾਕਿਆਂ ਵਿੱਚ ਐਮਰਜੈਂਸੀ ਵਰਗੇ ਹਾਲਾਤ
ਨੈਸ਼ਨਲ ਵੈਦਰ ਸਰਵਿਸ ਨੇ ਸੋਮਵਾਰ ਤੱਕ ਮਿਡ-ਅਟਲਾਂਟਿਕ ਅਤੇ ਨਿਊ ਇੰਗਲੈਂਡ ਖੇਤਰਾਂ ਵਿੱਚ ਖਰਾਬ ਮੌਸਮ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਤੱਟੀ ਹੜ੍ਹ, ਉੱਚੀਆਂ ਸਮੁੰਦਰੀ ਲਹਿਰਾਂ, ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦਾ ਖ਼ਤਰਾ ਦੱਸਿਆ ਗਿਆ ਹੈ।
ਹਾਲਾਤ ਨੂੰ ਦੇਖਦੇ ਹੋਏ ਨਿਊਯਾਰਕ ਸ਼ਹਿਰ ਸਮੇਤ ਨਿਊਯਾਰਕ ਅਤੇ ਨਿਊ ਜਰਸੀ ਦੇ ਕੁਝ ਪ੍ਰਭਾਵਿਤ ਇਲਾਕਿਆਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਨੈਕਟੀਕਟ ਨੇ ਵੀ ਆਪਣਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਸਰਗਰਮ ਕਰ ਦਿੱਤਾ ਹੈ। ਤੂਫ਼ਾਨ ਦੇ ਪ੍ਰਭਾਵ ਕਾਰਨ ਅਧਿਕਾਰੀ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।