Sports News : ਭਾਰਤ ਅਤੇ ਸ਼੍ਰੀਲੰਕਾ ਦੇ ਵਿਚਕਾਰ ਜਾਰੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ 23 ਅਗਸਤ ਨੂੰ ਕੋਲੰਬੋ ਵਿੱਚ ਖੇਡਿਆ ਜਾਵੇਗਾ। ਗਾਲੇ ਵਿੱਚ ਪਹਿਲਾ ਮੈਚ 165 ਦੌੜਾਂ ਨਾਲ ਹਾਰਨ ਤੋਂ ਬਾਅਦ, ਮੇਜ਼ਬਾਨ ਸ਼੍ਰੀਲੰਕਾ ਨੇ ਆਖਰੀ ਮੈਚ ਲਈ ਆਪਣੀ ਟੀਮ ਵਿੱਚ ਦੋ ਵੱਡੇ ਬਦਲਾਅ ਕਰਦੇ ਹੋਏ ਅਣਕੈਪਡ ਖਿਡਾਰੀ ਨੂੰ ਸ਼ਾਮਲ ਕਰ ਲਿਆ ਹੈ। ਇਹ ਬਦਲਾਅ ਸੱਟਾਂ ਕਾਰਨ ਕੀਤੇ ਗਏ।
ਸ਼੍ਰੀਲੰਕਾ ਨੇ ਟੀਮ ਵਿੱਚ ਟਾਪ-ਆਰਡਰ ਬੱਲੇਬਾਜ਼ ਕਾਮਿਲ ਮਿਸ਼ਾਰਾ ਅਤੇ ਆਲਰਾਊਂਡਰ ਸਾਹਨ ਅਰਾਚੀਗੇ ਨੂੰ ਸ਼ਾਮਲ ਕੀਤਾ ਹੈ। ਦੋਵੇਂ ਸ਼੍ਰੀਲੰਕਾ ਲਈ ਅਣਕੈਪਡ ਟੈਸਟ ਖਿਡਾਰੀ ਹਨ। ਹਾਲਾਂਕਿ, ਦੋਵੇਂ ਸ਼੍ਰੀਲੰਕਾ ਲਈ ਵ੍ਹਾਈਟ-ਬਾਲ ਕ੍ਰਿਕਟ (ਵਨਡੇ ਅਤੇ ਟੀ-20 ਅੰਤਰਰਾਸ਼ਟਰੀ) ਖੇਡਦੇ ਹਨ।
ਸੱਟਾਂ ਬਾਰੇ ਕੋਚ ਨੇ ਦਿੱਤਾ ਅਪਡੇਟ
ਗਾਲੇ ਟੈਸਟ ਤੋਂ ਬਾਅਦ, ਸ਼੍ਰੀਲੰਕਾ ਦੇ ਮੁੱਖ ਕੋਚ ਗੈਰੀ ਕਰਸਟਨ ਨੇ ਖਿਡਾਰੀਆਂ ਦੀਆਂ ਸੱਟਾਂ ਬਾਰੇ ਅਪਡੇਟ ਦਿੱਤਾ। ਉਨ੍ਹਾਂ ਦੱਸਿਆ ਕਿ ਮੈਂਡਿਸ ਨੂੰ ਹੈਮਸਟਰਿੰਗ ਇੰਜਰੀ ਹੈ ਜਿਸ ਕਾਰਨ ਉਹ ਕੁਝ ਸਮੇਂ ਲਈ ਉਪਲਬਧ ਨਹੀਂ ਰਹਿਣਗੇ। ਦਿਨੇਸ਼ ਚਾਂਦੀਮਲ ਵੀ ਅਗਲੇ ਮੈਚ ਲਈ ਉਪਲਬਧ ਨਹੀਂ ਰਹਿਣਗੇ। ਇਸ ਤੋਂ ਇਲਾਵਾ ਪਥੁਮ ਨਿਸਾਂਕਾ ਦੇ ਖੇਡਣ ਦੀ ਵੀ ਉਮੀਦ ਘੱਟ ਹੈ।
ਚੰਦੀਮਲ ਨੂੰ ਪਹਿਲੇ ਟੈਸਟ ਦੇ ਚੌਥੇ ਦਿਨ ਫੀਲਡਿੰਗ ਕਰਦੇ ਸਮੇਂ ਸਿਰ ਅਤੇ ਗਰਦਨ ਵਿੱਚ ਸੱਟ ਲੱਗ ਗਈ ਸੀ। ਉਨ੍ਹਾਂ ਦੀ ਜਗ੍ਹਾ ‘ਤੇ ਪਾਸਿੰਡੂ ਸੂਰੀਆਬੰਦਰਾ ਨੂੰ ਕੰਕਸ਼ਨ ਸਬ ਵਜੋਂ ਸ਼ਾਮਲ ਕੀਤਾ ਗਿਆ ਸੀ।
ਅਰਾਚੀਗੇ ਨੇ ਅਣਅਧਿਕਾਰਤ ਟੈਸਟ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਉਸਨੂੰ ਟੀਮ ਵਿੱਚ ਮੌਕਾ ਮਿਲਿਆ। ਉਨ੍ਹਾਂ ਨੇ ਦੂਜੇ ਮੈਚ ਵਿੱਚ 127 ਦੌੜਾਂ ਬਣਾਈਆਂ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਸਨੂੰ ਭਾਰਤ ਵਿਰੁੱਧ ਦੂਜੇ ਟੈਸਟ ਵਿੱਚ ਮੌਕਾ ਮਿਲਦਾ ਹੈ ਜਾਂ ਨਹੀਂ। ਜੇਕਰ ਉਹ ਪਲੇਇੰਗ ਇਲੈਵਨ ਵਿੱਚ ਜਗ੍ਹਾ ਬਣਾਉਂਦਾ ਹੈ, ਤਾਂ ਇਹ ਉਸਦਾ ਟੈਸਟ ਡੈਬਿਊ ਵੀ ਹੋਵੇਗਾ।
ਭਾਰਤ ਦੇ ਵਿਰੁੱਧ ਦੂਜੇ ਟੈਸਟ ਦੇ ਲਈ ਸ਼੍ਰੀਲੰਕਾ ਦੀ ਟੀਮ:
ਧਨੰਜਯ ਡੀ ਸਿਲਵਾ (ਕਪਤਾਨ), ਲਾਹਿਰੂ ਉਦਾਰਾ, ਕਾਮਿਲ ਮਿਸ਼ਾਰਾ, ਪਾਸਿੰਡੂ ਸੂਰੀਆਬੰਦਰਾ, ਕਾਮਿੰਡੂ ਮੈਂਡਿਸ, ਸਾਹਨ ਅਰਾਚੀਗੇ, ਸੋਨਲ ਦਿਨੁਸ਼ਾ, ਨਿਰੋਸ਼ਨ ਡਿਕਵੇਲਾ, ਕੇਸ਼ਰਾ ਨੁਵੰਤਾ, ਪ੍ਰਭਾਤ ਜੈਸੂਰੀਆ, ਮਿਲਾਨ ਰਤਨਾਯਕੇ, ਲਾਹਿਰੂ ਕੁਮਾਰਾ, ਅਸਿਤਾ ਫਰਨਾਂਡੋ, ਵਿਸ਼ਵਾ ਫਰਨਾਂਡੋ।











