ਸੀਤਾਪੁਰ: ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਪਿਸਾਵਾਂ ਥਾਣਾ ਖੇਤਰ ‘ਚ ਬੀਤੀ ਸ਼ਾਮ ਨੂੰ ਇਕ ਤੇਜ਼ ਰਫ਼ਤਾਰ ਟਰੱਕ ਨੇ ਇਕ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰ ਔਰਤਾਂ ਅਤੇ ਇਕ 10 ਸਾਲਾ ਬੱਚੀ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਇਹ ਹਾਦਸਾ ਪਿਹਾਨੀ ਰੋਡ ‘ਤੇ ਕੋਲਹਾਘਾਟ ਪੁਲ ਨੇੜੇ ਵਾਪਰਿਆ। ਧਨਤੇਰਸ ਤੋਂ ਠੀਕ ਪਹਿਲਾਂ ਵਾਪਰੀ ਇਸ ਘਟਨਾ ਕਾਰਨ ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਪੀੜਤ ਪਿਸਾਵਾਂ ਥਾਣਾ ਖੇਤਰ ਦੇ ਪਿੰਡ ਬਾਰੀਗਾਵਾਂ ਦੇ ਨਿਵਾਸੀ ਸਨ। ਉਹ ਗੁਆਂਢੀ ਜ਼ਿਲ੍ਹੇ ਹਰਦੋਈ ਦੇ ਰਾਏਪੁਰ ਮਠੀਆ ਵਿੱਚ ਇੱਕ ਬੱਚੇ ਦੇ ਮੁੰਡਨ ਸਮਾਰੋਹ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ। ਮਹੋਲੀ ਪੁਲਿਸ ਖੇਤਰ ਅਧਿਕਾਰੀ (ਸੀ.ਓ) ਨਗੇਂਦਰ ਚੌਬੇ ਨੇ ਦੱਸਿਆ ਕਿ ਹਿੰਮਤਨਗਰ ਦੇ ਕੋਲਹਾਘਾਟ ਪੁਲ ਦੇ ਕੋਲ ਇੱਕ ਤੇਜ਼ ਅਤੇ ਬੇਕਾਬੂ ਟਰੱਕ ਨੇ ਇੱਕ ਟਰੈਕਟਰ-ਟਰਾਲੀ ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਟਰੈਕਟਰ-ਟਰਾਲੀ ਪਲਟ ਗਈ ਅਤੇ ਉਸ ਵਿੱਚ ਸਵਾਰ ਲੋਕ ਹੇਠਾਂ ਦੱਬ ਗਏ।
ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚ ਬਰੀਗਨਵਾ ਵਾਸੀ ਕਾਜਲ (10), ਸੁਸ਼ੀਲਾ (50), ਰੂਬੀ (22) ਅਤੇ ਸੁਨੀਤਾ (40) ਸ਼ਾਮਲ ਹਨ। ਪੰਜਵੀਂ ਮ੍ਰਿਤਕ ਦੀ ਪਛਾਣ 58 ਸਾਲਾ ਔਰਤ ਵਜੋਂ ਹੋਈ ਹੈ, ਜਿਸ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ। ਸੀ.ਓ ਚੌਬੇ ਨੇ ਦੱਸਿਆ ਕਿ ਸਥਾਨਕ ਪੁਲਿਸ ਅਤੇ ਪਿੰਡ ਵਾਸੀਆਂ ਨੇ ਤੁਰੰਤ ਬਚਾਅ ਮੁਹਿੰਮ ਚਲਾਈ ਅਤੇ ਲੋਕਾਂ ਨੂੰ ਬਾਹਰ ਕੱਢਿਆ। ਸੱਤ ਗੰਭੀਰ ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਵਿੱਚ ਮਰੀਜ਼ਾਂ ਨੂੰ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਟਰੱਕ ਚਾਲਕ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
