ਲੁਧਿਆਣਾ : ਮਹਾਨਗਰ ‘ਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਅਤੇ ਵਿਕਰੀ ‘ਤੇ ਸ਼ਿਕੰਜਾ ਕੱਸਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਟੀਮ ਨੇ ਕਸ਼ਮੀਰ ਨਗਰ ਰੋਡ ‘ਤੇ ਤਾਜਪੁਰ ਕੱਟ ਨੇੜੇ ਨਾਕਾਬੰਦੀ ਅਤੇ ਗਸ਼ਤ ਦੌਰਾਨ ਇੱਕ ਸ਼ਰਾਬ ਤਸਕਰ ਨੂੰ 24 ਸ਼ਰਾਬ ਦੀਆਂ ਬੋਤਲਾਂ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਹੈ।
ਫੜੇ ਗਏ ਮੁਲਜ਼ਮ ਦੀ ਪਛਾਣ ਰਾਜੇਸ਼ ਠਾਕੁਰ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਰਾਮ ਮੂਰਤੀ ਆਪਣੀ ਟੀਮ ਨਾਲ ਸ਼ੱਕੀ ਤੱਤਾਂ ਦੀ ਭਾਲ ‘ਚ ਇਲਾਕੇ ‘ਚ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਕਸ਼ਮੀਰ ਨਗਰ ਰੋਡ ’ਤੇ ਤਾਜਪੁਰ ਕੱਟ ਨੇੜੇ ਪੁੱਜੀ ਤਾਂ ਇੱਕ ਵਿਅਕਤੀ ਮੋਢੇ ’ਤੇ ਪਲਾਸਟਿਕ ਦਾ ਭਾਰਾ ਥੈਲਾ ਚੁੱਕੀ ਸ਼ੱਕੀ ਹਾਲਤ ਵਿੱਚ ਆਉਂਦਾ ਦਿਖਾਈ ਦਿੱਤਾ। ਪੁਲਿਸ ਨੂੰ ਦੇਖ ਕੇ ਦੋਸ਼ੀ ਡਰ ਗਿਆ ਅਤੇ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪਰ ਚੌਕਸ ਪੁਲਿਸ ਮੁਲਾਜ਼ਮਾਂ ਨੇ ਘੇਰਾਬੰਦੀ ਕਰਕੇ ਉਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।










