Home ਪੰਜਾਬ ਕਰਤਾਰਪੁਰ ਕਾਰੀਡੋਰ ਲਈ ਜ਼ੀਰੋ ਲਾਈਨ ਜਾਂਦੇ ਜਥੇ ਨੂੰ ਰੋਕਿਆ

ਕਰਤਾਰਪੁਰ ਕਾਰੀਡੋਰ ਲਈ ਜ਼ੀਰੋ ਲਾਈਨ ਜਾਂਦੇ ਜਥੇ ਨੂੰ ਰੋਕਿਆ

0

ਅੰਮ੍ਰਿਤਸਰ: ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਾਲੇ ਪਾਸੇ ਸਿੱਖ ਸੰਗਤ ਵੱਲੋਂ ਜ਼ੀਰੋ ਲਾਈਨ ’ਤੇ ਅਰਦਾਸ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਭਾਰਤ ਵਾਲੇ ਪਾਸੇ ਤੋਂ ਪਹੁੰਚੀ ਸੰਗਤ ਨੂੰ ਬੀਐੱਸਐੱਫ ਦੇ ਅਧਿਕਾਰੀਆਂ ਨੇ ਜ਼ੀਰੋ ਲਾਈਨ ਤੋਂ ਕੁਝ ਦੂਰੀ ’ਤੇ ਰੋਕ ਦਿੱਤਾ।

ਰਿਪੋਰਟਾਂ ਮੁਤਾਬਕ ਜਥੇਦਾਰ ਗੜਗੱਜ ਅਤੇ ਸੰਗਤ ਜ਼ੀਰੋ ਲਾਈਨ ਵੱਲ ਵਧ ਰਹੇ ਸਨ। ਬੀਐੱਸਐੱਫ ਵੱਲੋਂ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਜ਼ੀਰੋ ਲਾਈਨ ਨੇੜੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਹੀ ਅਰਦਾਸ ਕਰਨ ਲਈ ਕਿਹਾ ਗਿਆ। ਜਥੇਦਾਰ ਵੱਲੋਂ ਪੰਜ ਸਿੰਘਾਂ ਨੂੰ ਜ਼ੀਰੋ ਲਾਈਨ ਤੱਕ ਜਾਣ ਦੀ ਇਜਾਜ਼ਤ ਦੇਣ ਦੀ ਬੇਨਤੀ ਵੀ ਕੀਤੀ ਗਈ, ਪਰ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ।

ਇਸ ਤੋਂ ਬਾਅਦ ਜਥੇਦਾਰ ਗੜਗੱਜ ਸੰਗਤ ਸਮੇਤ ਬੀਐੱਸਐੱਫ ਵੱਲੋਂ ਲਗਾਏ ਗਏ ਨਾਕੇ ਦੇ ਸਾਹਮਣੇ ਜ਼ਮੀਨ ’ਤੇ ਬੈਠ ਗਏ। ਉੱਥੇ ਰਹਿਰਾਸ ਸਾਹਿਬ ਦਾ ਪਾਠ ਅਤੇ ਸ਼ਬਦ ਕੀਰਤਨ ਕੀਤਾ ਗਿਆ। ਇਸ ਉਪਰੰਤ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਮੁੜ ਖੁੱਲ੍ਹਣ ਅਤੇ ਦੋਵਾਂ ਦੇਸ਼ਾਂ ਵਿਚਕਾਰ ਅਮਨ-ਸ਼ਾਂਤੀ ਲਈ ਅਰਦਾਸ ਕੀਤੀ ਗਈ।

ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਵੱਲੋਂ ਸਾਂਝੇ ਤੌਰ ’ਤੇ ਜ਼ੀਰੋ ਲਾਈਨ ’ਤੇ ਅਰਦਾਸ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਸੀ। ਪਾਕਿਸਤਾਨ ਵਾਲੇ ਪਾਸੇ ਤੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਤੋਂ ਨਗਰ ਕੀਰਤਨ ਜ਼ੀਰੋ ਲਾਈਨ ਤੱਕ ਲਿਆਂਦਾ ਜਾਣਾ ਸੀ।

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰਤ ਕਰਤਾਰਪੁਰ ਸਾਹਿਬ ਪੋਰਟਲ ਅਨੁਸਾਰ ਮੌਜੂਦਾ ਸੁਰੱਖਿਆ ਸਥਿਤੀ ਨੂੰ ਦੇਖਦਿਆਂ ਕਾਰੀਡੋਰ ਦੀਆਂ ਸੇਵਾਵਾਂ ਅਗਲੇ ਹੁਕਮਾਂ ਤੱਕ ਮੁਅੱਤਲ ਹਨ।

NO COMMENTS

LEAVE A REPLY

Please enter your comment!
Please enter your name here

Exit mobile version