ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL) 2027 ਤੋਂ ਪਹਿਲਾਂ ਫ੍ਰੈਂਚਾਈਜ਼ੀਆਂ ਵਿੱਚ ਵੱਡੇ ਬਦਲਾਅ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਤਾਜ਼ਾ ਰਿਪੋਰਟਾਂ ਮੁਤਾਬਕ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਨੂੰ ਦਿੱਲੀ ਕੈਪੀਟਲਜ਼ ਦੇ ਕੋਚਿੰਗ ਸਟਾਫ ਵਿੱਚ ਇੱਕ ਅਹਿਮ ਭੂਮਿਕਾ ਵਿੱਚ ਦੇਖਿਆ ਜਾ ਸਕਦਾ ਹੈ। ਜੇਕਰ ਇਹ ਕਦਮ ਅਧਿਕਾਰਿਕ ਰੂਪ ਧਾਰ ਲੈਂਦਾ ਹੈ ਤਾਂ ਇਹ ਯੁਵਰਾਜ ਦਾ ਆਈਪੀਐਲ ਵਿੱਚ ਕੋਚਿੰਗ ਕਰੀਅਰ ਵੱਲ ਇੱਕ ਵੱਡਾ ਕਦਮ ਹੋਵੇਗਾ।
ਰਿਪੋਰਟਾਂ ਅਨੁਸਾਰ ਦਿੱਲੀ ਕੈਪੀਟਲਜ਼ ਆਪਣੇ ਸਪੋਰਟ ਸਟਾਫ ਨੂੰ ਹੋਰ ਮਜ਼ਬੂਤ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ ਅਤੇ ਯੁਵਰਾਜ ਸਿੰਘ ਦਾ ਤਜਰਬਾ ਟੀਮ ਦੇ ਨੌਜਵਾਨ ਖਿਡਾਰੀਆਂ ਲਈ ਕਾਫ਼ੀ ਲਾਭਦਾਇਕ ਸਾਬਤ ਹੋ ਸਕਦਾ ਹੈ। ਯੁਵਰਾਜ ਨੇ ਆਪਣੇ ਖੇਡ ਜੀਵਨ ਦੌਰਾਨ ਕਈ ਵਾਰ ਵੱਡੇ ਮੈਚਾਂ ਵਿੱਚ ਭਾਰਤ ਨੂੰ ਜਿੱਤ ਦਿਵਾਈ ਅਤੇ ਟੀ-20 ਕ੍ਰਿਕਟ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਈ।
ਇਸਦੇ ਨਾਲ ਹੀ ਭਾਰਤੀ ਸਪਿਨਰ ਕੁਲਦੀਪ ਯਾਦਵ ਨੂੰ ਲਖਨਊ ਸੁਪਰ ਜਾਇੰਟਸ ਨਾਲ ਜੋੜਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਲਖਨਊ ਆਪਣੀ ਗੇਂਦਬਾਜ਼ੀ ਨੂੰ ਹੋਰ ਮਜ਼ਬੂਤ ਕਰਨ ਲਈ ਕੁਲਦੀਪ ਨੂੰ ਟੀਮ ਵਿੱਚ ਸ਼ਾਮਲ ਕਰਨ ਬਾਰੇ ਵਿਚਾਰ ਕਰ ਸਕਦੀ ਹੈ। ਕੁਲਦੀਪ ਪਿਛਲੇ ਕੁਝ ਸੀਜ਼ਨਾਂ ਤੋਂ ਦਿੱਲੀ ਕੈਪੀਟਲਜ਼ ਲਈ ਸ਼ਾਨਦਾਰ ਪ੍ਰਦਰਸ਼ਨ ਕਰਦੇ ਆ ਰਹੇ ਹਨ ਅਤੇ ਉਹ ਟੀਮ ਦੇ ਸਭ ਤੋਂ ਮਹੱਤਵਪੂਰਨ ਗੇਂਦਬਾਜ਼ਾਂ ਵਿੱਚੋਂ ਇੱਕ ਹਨ।
ਦੂਜੇ ਪਾਸੇ ਸਭ ਤੋਂ ਵੱਡੀ ਚਰਚਾ ਰਿਸ਼ਭ ਪੰਤ ਦੀ ਦਿੱਲੀ ਕੈਪੀਟਲਜ਼ ਵਿੱਚ ਸੰਭਾਵਿਤ ਵਾਪਸੀ ਨੂੰ ਲੈ ਕੇ ਹੋ ਰਹੀ ਹੈ। ਪੰਤ ਨੇ 2025 ਵਿੱਚ ਲਖਨਊ ਸੁਪਰ ਜਾਇੰਟਸ ਦਾ ਰੁਖ ਕੀਤਾ ਸੀ ਅਤੇ ਦੋ ਸੀਜ਼ਨਾਂ ਤੱਕ ਟੀਮ ਦੀ ਨੁਮਾਇੰਦਗੀ ਕੀਤੀ। ਹਾਲਾਂਕਿ IPL 2026 ਵਿੱਚ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਕਪਤਾਨੀ ਛੱਡ ਦਿੱਤੀ ਸੀ।
ਰਿਸ਼ਭ ਪੰਤ ਦਾ ਦਿੱਲੀ ਕੈਪੀਟਲਜ਼ ਨਾਲ ਲੰਮਾ ਨਾਤਾ ਰਿਹਾ ਹੈ। ਉਹ 2016 ਤੋਂ 2024 ਤੱਕ ਦਿੱਲੀ ਲਈ ਖੇਡਦੇ ਰਹੇ ਅਤੇ ਟੀਮ ਦੀ ਕਪਤਾਨੀ ਵੀ ਸੰਭਾਲੀ। ਇਸ ਲਈ ਉਨ੍ਹਾਂ ਦੀ ਸੰਭਾਵਿਤ ਵਾਪਸੀ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸ਼ਾਹ ਹੈ।
ਹਾਲਾਂਕਿ ਫ੍ਰੈਂਚਾਈਜ਼ੀਆਂ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ, ਪਰ IPL 2027 ਤੋਂ ਪਹਿਲਾਂ ਇਹ ਸੰਭਾਵਿਤ ਬਦਲਾਅ ਕ੍ਰਿਕਟ ਜਗਤ ਵਿੱਚ ਚਰਚਾ ਦਾ ਮੁੱਖ ਵਿਸ਼ਾ ਬਣੇ ਹੋਏ ਹਨ।












