ਨਵੀਂ ਦਿੱਲੀ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਸੀਨੀਅਰ ਨੇਤਾ ਸ਼ਰਦ ਪਵਾਰ ਨੂੰ ਪੁਣੇ ਦੇ ਰੂਬੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਨੂੰ ਗਲੇ ਵਿੱਚ ਇਨਫੈਕਸ਼ਨ ਅਤੇ ਬੁਖਾਰ ਦੀ ਸ਼ਿਕਾਇਤ ਸੀ, ਜਿਸ ਕਾਰਨ ਉਨ੍ਹਾਂ ਦਾ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਵਾਰ ਪਹਿਲਾਂ ਬਾਰਾਮਤੀ ਵਿੱਚ ਸਨ ਅਤੇ ਉੱਥੇ ਉਨ੍ਹਾਂ ਦਾ ਮੁੱਢਲਾ ਇਲਾਜ ਹੋਇਆ ਸੀ, ਪਰ ਉਨ੍ਹਾਂ ਦੀ ਸਿਹਤ ਵਿੱਚ ਪੂਰੀ ਤਰ੍ਹਾਂ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਅਗਲੇ ਇਲਾਜ ਲਈ ਹਸਪਤਾਲ ਲਿਆਂਦਾ ਗਿਆ।
ਹਸਪਤਾਲ ਵਿੱਚ ਉਨ੍ਹਾਂ ਦੀ ਧੀ ਅਤੇ ਸੰਸਦ ਮੈਂਬਰ ਸੁਪ੍ਰਿਆ ਸੁਲੇ ਦੇ ਨਾਲ-ਨਾਲ ਜਵਾਈ ਸਦਾਨੰਦ ਸੁਲੇ ਵੀ ਮੌਜੂਦ ਹਨ। ਹਾਲ ਹੀ ਵਿੱਚ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਦੇ ਹੋਏ ਦੇਹਾਂਤ ਤੋਂ ਬਾਅਦ, ਸ਼ਰਦ ਪਵਾਰ ਜਨਤਕ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਰਹੇ, ਜਿਸ ਦਾ ਉਨ੍ਹਾਂ ਦੀ ਸਿਹਤ ‘ਤੇ ਅਸਰ ਪਿਆ ਮੰਨਿਆ ਜਾ ਰਿਹਾ ਹੈ। ਫਿਲਹਾਲ, ਡਾਕਟਰ ਉਨ੍ਹਾਂ ਦੀ ਹਾਲਤ ‘ਤੇ ਨਜ਼ਰ ਰੱਖ ਰਹੇ ਹਨ।
