Homeਦੇਸ਼ਸਕੂਲੀ ਬੱਚਿਆਂ ਨੂੰ ਮਿਲੇਗਾ ਮੁਫ਼ਤ ਨਾਸ਼ਤਾ, 15.30 ਲੱਖ ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ

ਸਕੂਲੀ ਬੱਚਿਆਂ ਨੂੰ ਮਿਲੇਗਾ ਮੁਫ਼ਤ ਨਾਸ਼ਤਾ, 15.30 ਲੱਖ ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ

ਚੇਨੱਈ: ਤਾਮਿਲਨਾਡੂ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਚਲਾਈ ਜਾ ਰਹੀ ਨਾਸ਼ਤਾ ਯੋਜਨਾ ਦਾ ਦਾਇਰਾ ਹੋਰ ਵਧਾਉਣ ਦੀ ਤਿਆਰੀ ਕੀਤੀ ਗਈ ਹੈ। ਮੁੱਖ ਮੰਤਰੀ ਸੀ. ਜੋਸਫ਼ ਵਿਜੇ 22 ਸਤੰਬਰ ਨੂੰ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ਪੇਰੁੰਥਲੈਵਰ ਕਾਮਰਾਜਰ ਬ੍ਰੇਕਫਾਸਟ ਸਕੀਮ’ ਦੇ ਵਿਸਥਾਰ ਦੀ ਸ਼ੁਰੂਆਤ ਕਰਨਗੇ।

15.30 ਲੱਖ ਹੋਰ ਵਿਦਿਆਰਥੀਆਂ ਨੂੰ ਮਿਲੇਗਾ ਲਾਭ

ਇਸ ਵਿਸਥਾਰ ਤੋਂ 15,454 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਲਗਭਗ 15.30 ਲੱਖ ਵਾਧੂ ਵਿਦਿਆਰਥੀਆਂ ਨੂੰ ਲਾਭ ਮਿਲਣ ਦੀ ਉਮੀਦ ਹੈ। ਸਰਕਾਰ ਨੇ ਚਾਲੂ ਵਿੱਤੀ ਸਾਲ ਵਿੱਚ ਇਸ ਯੋਜਨਾ ਲਈ 217.63 ਕਰੋੜ ਰੁਪਏ ਦਾ ਵਾਧੂ ਬਜਟ ਰੱਖਿਆ ਹੈ। ਇਸ ਨਾਲ ਸਕੀਮ ਦਾ ਕੁੱਲ ਬਜਟ 724 ਕਰੋੜ ਰੁਪਏ ਹੋ ਜਾਵੇਗਾ।

ਮੇਨਿਊ ‘ਚ ਹੋਣਗੇ ਕਈ ਪੌਸ਼ਟਿਕ ਪਕਵਾਨ

ਸਕੂਲ ਸਿੱਖਿਆ ਮੰਤਰੀ ਏ. ਰਾਜਮੋਹਨ ਮੁਤਾਬਕ ਮੁੱਖ ਮੰਤਰੀ ਨੇ ਬੱਚਿਆਂ ਨੂੰ ਰਵਾਇਤੀ ਖਾਣੇ ਤੋਂ ਇਲਾਵਾ ਵੱਖ-ਵੱਖ ਅਤੇ ਸੁਆਦਲੇ ਵਿਕਲਪ ਦੇਣ ਲਈ ਇੱਕ ਵਿਸ਼ੇਸ਼ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਮੌਜੂਦਾ ਮੇਨਿਊ ਵਿੱਚ ਉਪਮਾ, ਖਿਚੜੀ ਅਤੇ ਪੋਂਗਲ ਵਰਗੇ ਪਕਵਾਨ ਸ਼ਾਮਲ ਹਨ। ਇਸ ਤੋਂ ਇਲਾਵਾ ਹਫ਼ਤੇ ਵਿੱਚ ਦੋ ਵਾਰ ਮਿਲਟ ਤੋਂ ਤਿਆਰ ਕੀਤੇ ਵਿਕਲਪ ਵੀ ਦਿੱਤੇ ਜਾਣਗੇ।

ਚਿਕਨ ਬਿਰਯਾਨੀ ਨੂੰ ਲੈ ਕੇ ਵੀ ਹੋਈ ਚਰਚਾ

ਮੰਤਰੀ ਨੇ ਦੱਸਿਆ ਕਿ ਲੰਬੇ ਸਮੇਂ ਦੇ ਟੀਚੇ ਵਜੋਂ ਵਿਦਿਆਰਥੀਆਂ ਲਈ ਚਿਕਨ ਬਿਰਯਾਨੀ ਵਰਗੇ ਨਾਨ-ਵੈਜ ਵਿਕਲਪਾਂ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਨੂੰ ਤੁਰੰਤ ਮੇਨਿਊ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਪਾਇਲਟ ਪ੍ਰੋਜੈਕਟ, ਸਫ਼ਾਈ ਦੇ ਸਖ਼ਤ ਮਾਪਦੰਡ ਅਤੇ ਲੋੜੀਂਦੀ ਜਾਂਚ ਨੂੰ ਯਕੀਨੀ ਬਣਾਉਣਾ ਹੋਵੇਗਾ।

ਕਈ ਵਿਭਾਗ ਮਿਲ ਕੇ ਚਲਾਉਣਗੇ ਯੋਜਨਾ

ਗ੍ਰੇਟਰ ਚੇਨਈ ਕਾਰਪੋਰੇਸ਼ਨ ਆਪਣੇ ਇੰਟੀਗ੍ਰੇਟਿਡ ਕਿਚਨ ਰਾਹੀਂ 447 ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਨਾਸ਼ਤਾ ਮੁਹੱਈਆ ਕਰਵਾਏਗਾ। ਇਸੇ ਤਰ੍ਹਾਂ ਮਿਊਂਸਪਲ ਐਡਮਿਨਿਸਟ੍ਰੇਸ਼ਨ ਡਾਇਰੈਕਟੋਰੇਟ ਵੱਲੋਂ ਹੋਰ ਕਾਰਪੋਰੇਸ਼ਨਾਂ, ਨਗਰ ਪਾਲਿਕਾਵਾਂ ਅਤੇ ਨੇੜਲੇ ਟਾਊਨਸ਼ਿਪ ਖੇਤਰਾਂ ਦੇ 2,150 ਸਕੂਲਾਂ ਵਿੱਚ ਇਹ ਪ੍ਰੋਗਰਾਮ ਚਲਾਇਆ ਜਾਵੇਗਾ।

ਤਾਮਿਲਨਾਡੂ ਮਹਿਲਾ ਵਿਕਾਸ ਨਿਗਮ ਵੱਲੋਂ ਪੇਂਡੂ ਖੇਤਰਾਂ ਅਤੇ ਹੋਰ ਸਬੰਧਤ ਇਲਾਕਿਆਂ ਦੇ 12,857 ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਯੋਜਨਾ ਲਾਗੂ ਕੀਤੀ ਜਾਵੇਗੀ। ਸਕੂਲਾਂ ਵਿੱਚ ਨਾਸ਼ਤਾ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਵੱਲੋਂ ਤਿਆਰ ਕਰਕੇ ਪਰੋਸਿਆ ਜਾਵੇਗਾ।

ਦੋ ਜ਼ਿਲ੍ਹਿਆਂ ‘ਚ ਫਿਲਹਾਲ ਲਾਗੂ ਨਹੀਂ ਹੋਵੇਗੀ ਯੋਜਨਾ

ਚੇਂਗਲਪੱਟੂ ਅਤੇ ਤਿਰੁੱਪੁਰ ਜ਼ਿਲ੍ਹਿਆਂ ਵਿੱਚ ਇਹ ਵਿਸਥਾਰ ਫਿਲਹਾਲ ਲਾਗੂ ਨਹੀਂ ਕੀਤਾ ਜਾਵੇਗਾ। ਇੱਥੇ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਇਨ੍ਹਾਂ ਖੇਤਰਾਂ ਨੂੰ ਯੋਜਨਾ ਦੇ ਮੌਜੂਦਾ ਵਿਸਥਾਰ ਤੋਂ ਬਾਹਰ ਰੱਖਿਆ ਗਿਆ ਹੈ।

ਸਰਕਾਰ ਮੁਤਾਬਕ ਯੋਜਨਾ ਦਾ ਉਦੇਸ਼ ਵਿਦਿਆਰਥੀਆਂ ਦੇ ਪੋਸ਼ਣ ਅਤੇ ਸਿਹਤ ਨੂੰ ਬਿਹਤਰ ਬਣਾਉਣ ਦੇ ਨਾਲ ਸਕੂਲਾਂ ਵਿੱਚ ਹਾਜ਼ਰੀ ਅਤੇ ਸਿੱਖਣ ਦੀ ਸਮਰੱਥਾ ਨੂੰ ਵੀ ਮਜ਼ਬੂਤ ਕਰਨਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments