ਨਵੀਂ ਦਿੱਲੀ: ਦੱਖਣੀ-ਪੱਛਮੀ ਦਿੱਲੀ ਦੇ ਸੱਤਿਆ ਨਿਕੇਤਨ ਖੇਤਰ ਵਿੱਚ ਇੱਕ ਇਮਾਰਤ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਿਰਦੇਸ਼ਾਂ ‘ਤੇ ਇੱਕ ਡਿਪਟੀ ਕਮਿਸ਼ਨਰ ਸਮੇਤ ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਦੇ ਪੰਜ ਅਧਿਕਾਰੀਆਂ ਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ। ਮੁੱਖ ਮੰਤਰੀ ਦਫ਼ਤਰ ਨੇ ਅੱਜ ਕਿਹਾ ਕਿ ਗੁਪਤਾ ਦੇ ਨਿਰਦੇਸ਼ਾਂ ‘ਤੇ ਐਮ.ਸੀ.ਡੀ. ਦੱਖਣੀ ਜ਼ੋਨ ਦੇ ਡਿਪਟੀ ਕਮਿਸ਼ਨਰ (ਡੀ.ਸੀ) ਰਾਕੇਸ਼ ਕੁਮਾਰ ਦੇ ਨਾਲ ਕਾਰਜਕਾਰੀ ਇੰਜੀਨੀਅਰ, ਸੁਪਰਡੈਂਟ ਇੰਜੀਨੀਅਰ, ਸਹਾਇਕ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਹੁਕਮਾਂ ਦੀ ਕਾਪੀ ਅਨੁਸਾਰ ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਦੱਖਣੀ ਜ਼ੋਨ ਦੇ ਸੁਪਰਡੈਂਟ ਇੰਜੀਨੀਅਰ ਰਣਵੀਰ ਸਿੰਘ, ਕਾਰਜਕਾਰੀ ਇੰਜੀਨੀਅਰ (ਬਿਲਡਿੰਗ) ਲਲਿਤ ਕੁਮਾਰ ਗੋਇਲ, ਸਹਾਇਕ ਇੰਜੀਨੀਅਰ (ਬਿਲਡਿੰਗ) ਸੁਨੀਲ ਚੌਹਾਨ ਅਤੇ ਜੂਨੀਅਰ ਇੰਜੀਨੀਅਰ (ਬਿਲਡਿੰਗ) ਅਸ਼ੀਸ਼ ਕੁਮਾਰ ਸ਼ਾਮਲ ਹਨ। ਦਿੱਲੀ ਨਗਰ ਨਿਗਮ ਦੇ ਵਿਜੀਲੈਂਸ ਵਿਭਾਗ ਨੇ ਇਨ੍ਹਾਂ ਅਧਿਕਾਰੀਆਂ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਦੂਜੇ ਦਿਨ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਬੀਤੀ ਦੁਪਹਿਰ ਕਰੀਬ 1:30 ਵਜੇ ਮੁਰੰਮਤ ਦੇ ਕੰਮ ਦੌਰਾਨ ਇਮਾਰਤ ਡਿੱਗ ਗਈ। ਇਸ ਵਿੱਚ ਮੁੰਡਿਆਂ ਲਈ ‘ਪੇਇੰਗ ਗੈਸਟ’ (PG) ਰਿਹਾਇਸ਼ ਸੀ। ਇਮਾਰਤ ਦੇ ਮਲਬੇ ‘ਚੋਂ ਹੁਣ ਤੱਕ 12 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਿਨ੍ਹਾਂ ‘ਚੋਂ 7 ਦੀ ਮੌਤ ਹੋ ਚੁੱਕੀ ਹੈ।












