ਉੱਤਰ ਪ੍ਰਦੇਸ਼: ਸਵਿਟਜ਼ਰਲੈਂਡ ਵਿੱਚ ਕਰੀਬ ਛੇ ਸਾਲ ਰਹਿਣ ਤੋਂ ਬਾਅਦ ਡਾ. ਰੋਹਿਣੀ ਘਾਵਰੀ ਭਾਰਤ ਵਾਪਸ ਆ ਗਈ ਹੈ। ਉਹ ਸ਼ੁੱਕਰਵਾਰ ਨੂੰ ਦਿੱਲੀ ਏਅਰਪੋਰਟ ਪਹੁੰਚੀ। ਉਨ੍ਹਾਂ ਦੀ ਵਾਪਸੀ ਤੋਂ ਬਾਅਦ ਨਗੀਨਾ ਤੋਂ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨਾਲ ਜੁੜਿਆ ਪੁਰਾਣਾ ਵਿਵਾਦ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਰੋਹਿਣੀ ਨੇ ਸੋਸ਼ਲ ਮੀਡੀਆ ’ਤੇ ਸਵਿਟਜ਼ਰਲੈਂਡ ਨੂੰ ਅਲਵਿਦਾ ਕਹਿੰਦਿਆਂ ਆਪਣੀ ਛੇ ਸਾਲਾਂ ਦੀ ਯਾਤਰਾ ਦਾ ਜ਼ਿਕਰ ਕੀਤਾ ਸੀ।
ਦਿੱਲੀ ਏਅਰਪੋਰਟ ’ਤੇ ਰੋਹਿਣੀ ਘਾਵਰੀ ਦਾ ਸਵਾਗਤ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੂਰਜਪਾਲ ਸਿੰਘ ਅੰਮੂ, ਦਕਸ਼ ਚੌਧਰੀ ਅਤੇ ਅੱਕੂ ਪੰਡ ਵੱਲੋਂ ਕੀਤਾ ਗਿਆ। ਉਨ੍ਹਾਂ ਦੀ ਵਾਪਸੀ ਨੂੰ ਉੱਤਰ ਪ੍ਰਦੇਸ਼ ਦੀ ਅਗਾਮੀ ਸਿਆਸਤ ਦੇ ਸੰਦਰਭ ਵਿੱਚ ਵੀ ਦੇਖਿਆ ਜਾ ਰਿਹਾ ਹੈ।
ਡਾ. ਰੋਹਿਣੀ ਘਾਵਰੀ ਪਹਿਲਾਂ ਵੀ ਚੰਦਰਸ਼ੇਖਰ ਆਜ਼ਾਦ ਨਾਲ ਆਪਣੇ ਨਿੱਜੀ ਰਿਸ਼ਤੇ ਅਤੇ ਉਸ ਤੋਂ ਬਾਅਦ ਪੈਦਾ ਹੋਏ ਵਿਵਾਦ ਬਾਰੇ ਕਈ ਬਿਆਨ ਦੇ ਚੁੱਕੀ ਹੈ। ਉਨ੍ਹਾਂ ਨੇ ਆਜ਼ਾਦ ’ਤੇ ਗੰਭੀਰ ਦੋਸ਼ ਲਗਾਏ ਹਨ, ਜਿਨ੍ਹਾਂ ਨੂੰ ਆਜ਼ਾਦ ਨੇ ਸਵੀਕਾਰ ਨਹੀਂ ਕੀਤਾ। ਮੀਡੀਆ ਰਿਪੋਰਟਾਂ ਵਿੱਚ ਦੋਵਾਂ ਵਿਚਕਾਰ ਪੁਰਾਣੇ ਰਿਸ਼ਤੇ ਅਤੇ ਬਾਅਦ ਵਿੱਚ ਹੋਏ ਵਿਵਾਦ ਦਾ ਜ਼ਿਕਰ ਕੀਤਾ ਗਿਆ ਹੈ।
ਰੋਹਿਣੀ ਨੇ ਸਵਿਟਜ਼ਰਲੈਂਡ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਰਿਪੋਰਟਾਂ ਮੁਤਾਬਕ ਉਹ 2019 ਵਿੱਚ ਉੱਚ ਸਿੱਖਿਆ ਲਈ ਸਵਿਟਜ਼ਰਲੈਂਡ ਗਈ ਸੀ ਅਤੇ ਉੱਥੇ ਰਹਿੰਦੇ ਹੋਏ ਸਮਾਜਿਕ ਮੁੱਦਿਆਂ ’ਤੇ ਵੀ ਸਰਗਰਮ ਰਹੀ। ਹੁਣ ਭਾਰਤ ਵਾਪਸੀ ਤੋਂ ਬਾਅਦ ਉਨ੍ਹਾਂ ਦੇ ਅਗਲੇ ਕਦਮਾਂ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।
ਰੋਹਿਣੀ ਘਾਵਰੀ ਨੇ ਪਿਛਲੇ ਸਮੇਂ ਵਿੱਚ ਇਹ ਵੀ ਸੰਕੇਤ ਦਿੱਤੇ ਹਨ ਕਿ ਉਹ ਭਵਿੱਖ ਵਿੱਚ ਸਿਆਸੀ ਤੌਰ ’ਤੇ ਸਰਗਰਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਦੀ ਵਾਪਸੀ ਅਜਿਹੇ ਸਮੇਂ ਹੋਈ ਹੈ ਜਦੋਂ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਦਲਿਤ ਵੋਟ ਅਤੇ ਇਸ ਨਾਲ ਜੁੜੀ ਅਗਵਾਈ ਨੂੰ ਲੈ ਕੇ ਮੁਕਾਬਲਾ ਤੇਜ਼ ਹੈ। ਹਾਲਾਂਕਿ, ਉਨ੍ਹਾਂ ਦੀ ਭਵਿੱਖੀ ਸਿਆਸੀ ਭੂਮਿਕਾ ਬਾਰੇ ਹਾਲੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ।
